ਚੰਗੀ ਖਬਰ : ਤਬਲੀਗੀ ਜਮਾਤ ਦੇ ਠੀਕ ਹੋਏ 300 ਤੋਂ ਵਧ ਮਰੀਜ਼ ਕਰਨਗੇ ਖੂਨ ਦਾਨ
Tuesday, Apr 28, 2020 - 03:02 PM (IST)

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਤਬਲੀਗੀ ਜਮਾਤ ਦੇ ਲੋਕ ਬਲੱਡ ਡੋਨੇਟ (ਖੂਨ ਦਾਨ) ਕਰ ਰਹੇ ਹਨ। ਉਨਾਂ ਦੇ ਖੂਨ 'ਚੋਂ ਪਲਾਜ਼ਮਾ ਕੱਢ ਕੇ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਤਬਲੀਗੀ ਜਮਾਤ ਦੇ ਮੁਖੀਆ ਮੌਲਾਨਾ ਮੁਹੰਮਦ ਸਾਦ ਕੰਧਾਵਲੀ ਨੇ ਕੋਰੋਨਾ ਇਨਫੈਕਸ਼ਨ ਨਾਲ ਠੀਕ ਹੋ ਚੁਕੇ ਮੁਸਲਿਮ ਅਤੇ ਜਮਾਤੀਆਂ ਨੂੰ ਆਪਣਾ ਬਲੱਡ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਉਨਾਂ ਲੋਕਾਂ ਨੂੰ ਫਾਇਦਾ ਹੋ ਸਕੇ, ਜੋ ਇਸ ਬੀਮਾਰੀ ਨਾਲ ਇਨਫੈਕਟਡ ਹਨ ਅਤੇ ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਮੌਲਾਨਾ ਸਾਦ ਦੀ ਇਸ ਅਪੀਲ ਤੋਂ ਬਾਅਦ ਦਿੱਲੀ 'ਚ 300 ਤੋਂ ਵਧ ਤਬਲੀਗੀ ਜਮਾਤ ਵਰਕਰ ਇਨਫੈਕਟਡ ਲੋਕਾਂ ਨੂੰ ਖੂਨ ਦੇਣ ਲਈ ਰਾਜ਼ੀ ਹੋ ਗਏ ਹਨ।
ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਕੋਵਿਡ-19 ਦੇ ਚਾਰ ਰੋਗੀਆਂ 'ਤੇ ਕੀਤੇ ਗਏ ਪਲਾਜ਼ਾ ਥੈਰੇਪੀ ਪ੍ਰੀਖਣ ਦੇ ਸ਼ੁਰੂਆਤੀ ਨਤੀਜੇ ਕਾਫ਼ੀ ਉਤਸ਼ਾਹਜਨਕ ਸਨ, ਜਿਸ ਨਾਲ ਕੋਰੋਨਾ ਵਾਇਰਸ ਕਾਰਨ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਦੇ ਇਲਾਜ ਲਈ ਉਮੀਦ ਦੀ ਕਿਰਨ ਨਜ਼ਰ ਆਈ। ਇਸ ਤੋਂ ਬਾਅਦ ਉਨਾਂ ਨੇ ਅਪੀਲ ਕੀਤੀ ਸੀ ਕਿ ਕੋਰੋਨਾ ਨਾਲ ਠੀਕ ਹੋ ਚੁਕੇ ਮਰੀਜ਼ ਆਪਣਾ ਪਲਾਜ਼ਮਾ ਡੋਨੇਟ ਕਰਨ।
ਕੇਜਰੀਵਾਲ ਦੀ ਅਪੀਲ ਤੋਂ ਬਾਅਦ ਸੁਲਤਾਨਪੁਰੀ ਸੈਂਟਰ 'ਚ ਕੋਰੋਨਾ ਨਾਲ ਠੀਕ ਹੋ ਚੁਕੇ ਤਬਲੀਗੀ ਜਮਾਤ ਦੇ 4 ਮੈਂਬਰਾਂ ਨੇ ਆਪਣਾ ਪਲਾਜ਼ਮਾ ਡੋਨੇਟ ਕੀਤਾ। ਸੂਤਰਾਂ ਅਨੁਸਾਰ ਤਾਂ ਠੀਕ ਹੋ ਚੁਕੇ 300 ਤੋਂ ਵਧ ਤਬਲੀਗੀ ਜਮਾਤ ਦੇ ਮੈਂਬਰਾਂ ਨੇ ਪਲਾਜ਼ਮਾ ਦੇਣ ਲਈ ਦਿੱਲੀ ਸਰਕਾਰ ਦੇ ਕੰਸੈਂਟ ਫਾਰਮ 'ਤੇ ਦਸਤਖ਼ਤ ਕੀਤੇ ਹਨ।