ਕੋਰੋਨਾ ਵਾਇਰਸ ਕਾਰਨ ਔਰਤਾਂ ਨੇ ਮੁਲਤਵੀ ਕੀਤਾ ਸੀ.ਏ.ਏ. ਵਿਰੋਧੀ ਧਰਨਾ
Monday, Mar 23, 2020 - 10:00 AM (IST)
ਲਖਨਊ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਦੇ ਵਿਰੋਧ 'ਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਘੰਟਾਘਰ 'ਚ ਪਿਛਲੇ 2 ਮਹੀਨਿਆਂ ਤੋਂ ਜਾਰੀ ਧਰਨਾ ਪ੍ਰਦਰਸ਼ਨ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਸੋਮਵਾਰ ਨੂੰ ਮੁਲਤਵੀ ਕਰ ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਇਕ ਪੁਲਸ ਕਮਿਸ਼ਨਰ ਸੁਜੀਤ ਕੁਮਾਰ ਦੀ ਅਗਵਾਈ 'ਚ ਉੱਚ ਅਧਿਕਾਰੀਆਂ ਦਾ ਦਲ ਐਤਵਾਰ ਤੋਂ ਹੀ ਅੰਦੋਲਨਕਾਰੀ ਔਰਤਾਂ ਨੂੰ ਸਮਝਾਉਣ 'ਚ ਲੱਗਾ ਸੀ, ਜਿਸ ਦਾ ਅਸਰ ਅੱਜ ਯਾਨੀ ਸੋਮਵਾਰ ਸਵੇਰੇ 6 ਵਜੇ ਦਿਖਾਈ ਦਿੱਤਾ, ਜਦੋਂ ਔਰਤਾਂ ਨੇ ਧਰਨਾ ਪ੍ਰਦਰਸ਼ਨ ਦਾ ਪ੍ਰੋਗਰਾਮ ਕੋਰੋਨਾ ਦੇ ਖਤਰੇ ਦੇ ਟਲਣ ਤੱਕ ਮੁਲਤਵੀ ਕਰਨ ਦੀ ਹਾਮੀ ਭਰੀ।
ਉਨ੍ਹਾਂ ਨੇ ਦੱਸਿਆ ਕਿ ਅੰਦੋਲਨਕਾਰੀ ਔਰਤਾਂ ਹਾਲਾਂਕਿ ਆਪਣੀ ਚੁੰਨੀ ਧਰਨੇ ਵਾਲੀ ਜਗ੍ਹਾ 'ਤੇ ਵਿਰੋਧ ਦੇ ਤੌਰ 'ਤੇ ਛੱਡ ਕੇ ਗਈਆਂ। ਪੁਲਸ ਨੇ ਸਾਰੀਆਂ ਔਰਤਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਹੈ। ਦੱਸਣਯੋਗ ਹੈ ਕਿ ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਵਿਰੋਧ 'ਚ ਘੰਟਾਘਰ 'ਚ ਔਰਤਾਂ ਪਿਛਲੀ 17 ਜਨਵਰੀ ਤੋਂ ਡਟੀਆਂ ਹੋਈਆਂ ਸਨ। ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ 'ਤੇ ਇਹ ਧਰਨਾ ਕੋਰੋਨਾ ਨਾਲ ਨਜਿੱਠਣ ਦੀ ਸਰਕਾਰ ਦੀ ਮੁਹਿੰਮ 'ਤੇ ਰੁਕਾਵਟ ਬਣ ਰਿਹਾ ਸੀ ਅਤੇ ਇਹੀ ਕਾਰਨ ਸੀ ਕਿ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਅੰਦੋਲਨਕਾਰੀਆਂ ਨਾਲ ਸੰਪਰਕ ਸਾਧੇ ਹੋਏ ਸਨ।