ਦੇਸ਼ ''ਚ ''ਕੋਰੋਨਾ'' ਦੀ ਆਫਤ, ਮੌਤਾਂ ਦਾ ਅੰਕੜਾ 590 ਤੱਕ ਪੁੱਜਾ
Tuesday, Apr 21, 2020 - 10:19 AM (IST)

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 18,601 ਹੋ ਗਈ ਹੈ, ਜਦਕਿ ਹੁਣ ਤਕ 590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਰਮਿਆਨ ਰਾਹਤ ਦੀ ਖ਼ਬਰ ਹੈ ਕਿ ਵਾਇਰਸ ਨਾਲ ਪ੍ਰਭਾਵਿਤ ਹੁਣ ਤਕ 3,252 ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਪੀੜਤਾਂ ਦੀ ਗਿਣਤੀ 18,601 ਹੈ, ਜਿਸ ਵਿਚੋਂ ਐਕਟਿਵ (ਸਰਗਰਮ) ਕੇਸ 14,759 ਹਨ ਅਤੇ 590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1,336 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 47 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਹੈ, ਜਿੱਥੇ ਹੁਣ ਤਕ 4,666 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ 'ਚੋਂ 232 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਨੰਬਰ 'ਤੇ ਦਿੱਲੀ ਹੈ, ਇੱਥੇ 2,081 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੀਜੇ ਨੰਬਰ 'ਤੇ ਗੁਜਰਾਤ ਹੈ, ਇੱਥੇ 1,399 ਮਾਮਲੇ ਸਾਹਮਣੇ ਆਏ ਹਨ, ਜਿਸ 'ਚੋਂ 71 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਰਾਜਸਥਾਨ ਹੈ, ਇੱਥੇ ਹੁਣ ਤਕ 1576 ਪਾਜ਼ੀਟਿਵ ਕੇਸ ਹਨ, ਜਿਸ 'ਚੋਂ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। 5ਵਾਂ ਨੰਬਰ ਤਾਮਿਲਨਾਡੂ ਦਾ ਹੈ, ਜਿੱਥੇ 1520 ਕੇਸਾਂ ਦਾ ਪੁਸ਼ਟੀ ਹੋਈ ਹੈ, ਜਿਸ 'ਚੋਂ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਮੱਧ ਪ੍ਰਦੇਸ਼ ਵਿਚ ਹੁਣ ਤਕ 1485 ਕੇਸ ਸਾਹਮਣੇ ਆ ਚੁੱਕੇ ਹਨ, ਜਿਸ 'ਚੋਂ 74 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕਾ ਹੈ।
ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਦੁਨੀਆ ਦੇ ਤਮਾਮ ਦੇਸ਼ਾਂ 'ਚ ਦਸਤਕ ਦੇ ਚੁੱਕਾ ਹੈ। ਦੁਨੀਆ ਭਰ 'ਚ ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 1,70,455 ਤਕ ਪਹੁੰਚ ਗਿਆ ਹੈ, ਜਦਕਿ 24 ਲੱਖ 81 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਤੋਂ ਪੀੜਤ ਹਨ। ਇਸ ਵਾਇਰਸ ਦੀ ਸਭ ਤੋਂ ਵਧੇਰੇ ਮਾਰ ਅਮਰੀਕਾ ਝੱਲ ਰਿਹਾ ਹੈ, ਜਿੱਥੇ ਮੌਤਾਂ ਦਾ ਅੰਕੜਾ 40 ਹਜ਼ਾਰ ਤੋਂ ਪਾਰ ਹੋ ਗਿਆ ਹੈ। ਇਸ ਤੋਂ ਬਾਅਦ ਸਪੇਨ, ਇਟਲੀ ਅਤੇ ਫਰਾਂਸ 'ਚ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।