ਭਾਰਤ ''ਚ ਕੋਰੋਨਾ ਦਾ ਕਹਿਰ ਜਾਰੀ, 108 ਮਾਮਲਿਆਂ ਦੀ ਪੁਸ਼ਟੀ
Sunday, Mar 15, 2020 - 04:14 PM (IST)
ਨਵੀਂ ਦਿੱਲੀ— ਭਾਰਤ 'ਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਮਾਮਲੇ ਵਧਦੇ ਜਾ ਰਹੇ ਹਨ। ਪੂਰੇ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 108 ਤਕ ਪਹੁੰਚ ਗਈ ਹੈ। ਇਨ੍ਹਾਂ 'ਚੋਂ 11 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 2 ਦੀ ਮੌਤ ਹੋ ਚੁੱਕੀ ਹੈ। ਇੱਥੇ ਦੱਸ ਦੇਈਏ ਦੁਨੀਆ ਭਰ ਦੇ ਕਰੀਬ 140 ਦੇਸ਼ਾਂ 'ਚ ਪੈਰ ਪਸਾਰ ਚੁੱਕਾ ਕੋਰੋਨਾ ਵਾਇਰਸ ਭਾਰਤ ਲਈ ਵੀ ਖਤਰਨਾਕ ਸਾਬਤ ਹੋ ਰਿਹਾ ਹੈ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਹਨ, ਇੱਥੇ ਕੋਰੋਨਾ ਦੇ 32 ਮਾਮਲੇ ਸਾਹਮਣੇ ਆਏ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਇੰਤਜ਼ਾਮਾਂ 'ਤੇ ਚਰਚਾ ਕੀਤੀ।
ਹਾਲਾਤ ਨੂੰ ਦੇਖਦਿਆਂ ਕਈ ਸੂਬਿਆਂ ਨੇ ਕੋਰੋਨਾ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਕੇਂਦਰ ਸਰਕਾਰ ਵੀ ਪੂਰੀ ਤਿਆਰੀ 'ਚ ਜੁਟੀ ਹੈ। ਕਈ ਸੂਬਿਆਂ ਵਿਚ ਸਕੂਲ-ਕਾਲਜ ਅਤੇ ਸਿਨੇਮਾਘਰ 31 ਮਾਰਚ ਤਕ ਬੰਦ ਕਰ ਦਿੱਤੇ ਗਏ ਹਨ। ਯੂਰਪ ਵਿਚ ਹਾਲਾਤ ਚੀਨ ਤੋਂ ਜ਼ਿਆਦਾ ਖਤਰਨਾਕ ਹੋ ਗਏ ਹਨ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 5,833 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 1.55 ਲੱਖ ਤੋਂ ਵਧੇਰੇ ਲੋਕ ਪੀੜਤ ਹਨ।