ਭਾਰਤ ''ਚ ''ਕੋਰੋਨਾ'' ਦੀ ਰਫ਼ਤਾਰ ਹੋਈ ਤੇਜ਼, ਮੌਤਾਂ ਦਾ ਅੰਕੜਾ 28 ਹਜ਼ਾਰ ਤੋਂ ਪਾਰ
Tuesday, Jul 21, 2020 - 10:45 AM (IST)
ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਇਕ ਦਿਨ 'ਚ 30 ਹਜ਼ਾਰ ਤੋਂ ਉੱਪਰ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 37,148 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਵੱਡੀ ਗਿਣਤੀ 'ਚ ਮਾਮਲੇ ਸਾਹਮਣੇ ਆਉਣ ਨਾਲ ਭਾਰਤ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 11,55,191 'ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ 'ਚ 587 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ 28,084 ਤੱਕ ਪਹੁੰਚ ਗਿਆ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ 7,24,578 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਸਿਹਤ ਮੰਤਰਾਲਾ ਵਲੋਂ ਅੱਜ ਯਾਨੀ ਕਿ ਮੰਗਲਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ। ਅੰਕੜਿਆਂ ਮੁਤਾਬਕ ਦੇਸ਼ ਵਿਚ ਅਜੇ 4,02,529 ਸਰਗਰਮ ਕੇਸ ਹਨ। ਦੇਸ਼ ਦੇ ਜ਼ਿਆਦਾਤਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਰਫ਼ਤਾਰ ਵੱਧਦੀ ਜਾ ਰਹੀ ਹੈ। ਸਭ ਤੋਂ ਚਿੰਤਾਜਨਕ ਹਾਲਾਤ ਮਹਾਰਾਸ਼ਟਰ 'ਚ ਬਣੇ ਹੋਏ ਹਨ, ਜਿੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 3,18,695 ਤੱਕ ਪੁੱਜ ਗਿਆ ਹੈ। ਇਨ੍ਹਾਂ 'ਚੋਂ 1,75,027 ਮਰੀਜ਼ ਠੀਕ ਵੀ ਹੋਏ ਹਨ ਅਤੇ 1,31,334 ਸਰਗਰਮ ਮਾਮਲੇ ਹਨ। 11,854 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ, ਦਿੱਲੀ ਅਤੇ ਹੋਰ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮਰੀਜ਼ ਵੱਧ ਰਹੇ ਹਨ।
ਕੋਰੋਨਾ ਵਾਇਰਸ ਦੀ ਟੈਸਟਿੰਗ ਦੀ ਰਫ਼ਤਾਰ ਵੀ ਵਧਾ ਦਿੱਤੀ ਗਈ ਹੈ, ਤਾਂ ਕਿ ਮਰੀਜ਼ ਨੂੰ ਸਮੇਂ 'ਤੇ ਇਲਾਜ ਮਿਲ ਸਕੇ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਮੁਤਾਬਕ ਹੁਣ ਤੱਕ 1,43,81,303 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 20 ਜੁਲਾਈ ਨੂੰ 3,33,395 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ।