ਕੋਰੋਨਾ ਦੀ ਆਫਤ : ਭਾਰਤ 'ਚ ਕੇਸ 24,506 ਤੱਕ ਪੁੱਜੇ, 5 ਹਜ਼ਾਰ ਤੋਂ ਵਧੇਰੇ ਮਰੀਜ਼ ਹੋਏ ਠੀਕ

Saturday, Apr 25, 2020 - 10:18 AM (IST)

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਲਾਕਡਾਊਨ ਤੋਂ ਬਾਅਦ ਵੀ ਕੋਰੋਨਾ ਵਾਇਰਸ ਦੀ ਰਫਤਾਰ ਜਾਰੀ ਹੈ। ਇਸ ਜਾਨਲੇਵਾ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ 24,506 ਹੋ ਗਈ ਹੈ ਅਤੇ 775 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1429 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 57 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲਾ ਮੁਤਾਬਕ 5,063 ਮਰੀਜ਼ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਸਮੇਤ ਵੱਖ-ਵੱਖ ਪ੍ਰਦੇਸ਼ਾਂ ਵਿਚ ਕੋਰੋਨਾ ਦਾ ਵਧੇਰੇ ਕਹਿਰ ਹੈ, ਜਿੱਥੇ ਹਾਲਾਤ ਵਿਗੜਦੇ ਜਾ ਰਹੇ ਹਨ।

PunjabKesari

ਦੱਸ ਦੇਈਏ ਕਿ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ। ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਲਾਕਡਾਊਨ ਲਾਗੂ ਨਾ ਕੀਤਾ ਗਿਆ ਹੁੰਦਾ ਤਾਂ ਵਾਇਰਸ ਕਾਰਨ ਪੀੜਤ ਮਾਮਲਿਆਂ ਦੀ ਗਿਣਤੀ ਹੁਣ ਤੱਕ ਇਕ ਲੱਖ ਤੱਕ ਪਹੁੰਚ ਚੁੱਕੀ ਹੁੰਦੀ। ਸਰਕਾਰੀ ਅਧਿਕਾਰੀਆਂ ਨੇ ਮਹਾਮਾਰੀ ਦੇ ਕੰਟਰੋਲ ਵਿਚ ਹੋਣ ਦਾ ਸਿਹਰਾ ਲਾਕਡਾਊਨ ਅਤੇ ਮਜ਼ਬੂਤ ਨਿਗਰਾਨੀ ਨੈੱਟਵਰਕ ਨੂੰ ਦਿੱਤਾ ਹੈ। ਇਸ ਦੇ ਬਾਵਜੂਦ ਵੀ ਸਾਨੂੰ ਅਜੇ ਵੀ ਸੰਭਲ ਦੀ ਲੋੜ ਹੈ, ਕਿਉਂਕਿ ਵਾਇਰਸ ਤੋਂ ਬੱਚਣ ਦਾ ਇਕੋ-ਇਕ ਉਪਾਅ ਹੈ-ਲਾਕਡਾਊਨ।

ਸੋਸ਼ਲ ਡਿਸਟੈਂਸਿਗ ਦਾ ਖਿਆਲ ਰੱਖਦੇ ਹੋਏ ਮਾਸਕ ਪਹਿਨ ਕੇ ਰੱਖਣ 'ਚ ਹੀ ਭਲਾਈ ਹੈ। ਇਸ ਲਈ ਜਦੋਂ ਵੀ ਬਾਹਰ ਕੋਈ ਜ਼ਰੂਰੀ ਕੰਮ ਨੂੰ ਜਾਓ ਤਾਂ ਮਾਸਕ ਜ਼ਰੂਰ ਪਹਿਨੋ। ਦੁਨੀਆ ਦੇ ਤਮਾਮ ਦੇਸ਼ਾਂ 'ਚ ਇਸ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਅਮਰੀਕਾ, ਬ੍ਰਿਟੇਨ, ਇਟਲੀ, ਫਰਾਂਸ ਆਦਿ ਦੇਸ਼ਾਂ ਵਿਚ ਹਾਲਾਤ ਬਹੁਤ ਖਰਾਬ ਹਨ, ਜਿੱਥੇ ਕੋਰੋਨਾ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਪੈ ਰਹੀ ਹੈ। ਹੁਣ ਤੱਕ ਦੁਨੀਆ ਭਰ 'ਚ 1.95 ਲੱਖ ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲੱਖ ਤੋਂ ਵੱਧ ਲੋਕ ਵਾਇਰਸ ਦੀ ਲਪੇਟ ਵਿਚ ਹਨ। ਇਹ ਅੰਕੜੇ ਵਰਲਡਮੀਟਰ ਵਲੋਂ ਜਾਰੀ ਕੀਤੇ ਗਏ ਹਨ।


Tanu

Content Editor

Related News