ਕੋਰੋਨਾ ਵਾਇਰਸ : ਚੀਨ ਦੇ ਹੁਬੇਈ ''ਚ ਫਸੇ ਕੇਰਲ ਦੇ 15 ਵਿਦਿਆਰਥੀ ਪੁੱਜੇ ਕੋਚੀ
Saturday, Feb 08, 2020 - 01:01 PM (IST)

ਕੋਚੀ (ਭਾਸ਼ਾ)— ਜਾਨਲੇਵਾ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਚੀਨ ਦੇ ਹੁਬੇਈ ਸੂਬੇ 'ਚ ਫਸੇ ਕੇਰਲ ਦੇ 15 ਵਿਦਿਆਰਥੀ ਕੋਚੀਨ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਪੁੱਜੇ। ਹਵਾਈ ਅੱਡਾ ਅਧਿਕਾਰੀਆਂ ਨੇ ਸ਼ਨੀਵਾਰ ਭਾਵ ਅੱਜ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਥਰਮਲ ਜਾਂਚ ਕੀਤੀ ਗਈ, ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਤਾਂ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਕੁਨਮਿੰਗ ਹਵਾਈ ਅੱਡੇ ਤੋਂ ਬੈਂਕਾਕ ਪੁੱਜੇ ਅਤੇ ਇਸ ਤੋਂ ਬਾਅਦ ਉਹ ਏਅਰ ਏਸ਼ੀਆ ਦੇ ਜਹਾਜ਼ ਜ਼ਰੀਏ ਇੱਥੇ ਪੁੱਜੇ।
ਅਧਿਕਾਰੀਆਂ ਮੁਤਾਬਕ ਵਿਦਿਆਰਥੀਆਂ ਦੇ ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਤੋਂ ਸਿੱਧੇ ਕਲਮਸਸੇਰੀ ਮੈਡੀਕਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹਸਪਤਾਲ ਦੇ ਵੱਖਰੇ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਰਿਸ਼ਤੇਦਾਰ ਵੀ ਹਵਾਈ ਅੱਡਾ ਪੁੱਜੇ ਸਨ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਦੱਸਣਯੋਗ ਹੈ ਕਿ ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 722 ਹੋ ਗਈ ਹੈ ਅਤੇ ਕੁੱਲ 34,546 ਲੋਕਾਂ ਦੇ ਇਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ।