14 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ ਸੰਸਦ ਦਾ ਮਾਨਸੂਨ ਸੈਸ਼ਨ, ਵਰਤੀਆਂ ਜਾਣਗੀਆਂ ਕਾਫ਼ੀ ਸਾਵਧਾਨੀਆਂ
Tuesday, Aug 25, 2020 - 06:31 PM (IST)

ਨਵੀਂ ਦਿੱਲੀ- ਕੋਰੋਨਾ ਵਾਇਰਸ ਆਫ਼ਤ ਦਰਮਿਆਨ ਸੰਸਦ ਦੇ ਮਾਨਸੂਨ ਸੈਸ਼ਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 14 ਸਤੰਬਰ ਤੋਂ ਇਕ ਅਕਤੂਬਰ ਤੱਕ ਸੰਸਦ ਸੈਸ਼ਨ ਨੂੰ ਚਲਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਦੌਰਾਨ ਦੋਹਾਂ ਸਦਨਾਂ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਫ਼ੀ ਸਾਵਧਾਨੀਆਂ ਵਰਤੀਆਂ ਜਾਣਗੀਆਂ। ਸੂਤਰਾਂ ਅਨੁਸਾਰ, ਮਾਨਸੂਨ ਸੈਸ਼ਨ 'ਚ ਇਸ ਵਾਰ ਕੁੱਲ 18 ਬੈਠਕਾਂ ਹੋਣਗੀਆਂ। ਅਜਿਹੇ 'ਚ ਸੰਸਦ ਦੇ ਦੋਹਾਂ ਸਦਨਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਮਾਰਚ 'ਚ ਕੋਰੋਨਾ ਆਫ਼ਤ ਦੇ ਵਧਣ ਤੋਂ ਬਾਅਦ ਪਹਿਲੀ ਵਾਰ ਸਦਨ ਦੀ ਕਾਰਵਾਈ ਹੋਵੇਗੀ। ਲੋਕ ਸਭਾ ਅਤੇ ਰਾਜ ਸਭਾ 'ਚ ਸੰਸਦ ਮੈਂਬਰਾਂ ਦੇ ਬੈਠਣ ਲਈ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ, ਜਿਸ ਦੇ ਅਧੀਨ ਮੌਜੂਦਾ ਸੀਟਾਂ ਤੋਂ ਇਲਾਵਾ ਗੈਲਰੀ 'ਚ ਵੀ ਸੰਸਦ ਮੈਂਬਰ ਬੈਠੇ ਹੋਏ ਦਿਖਾਈ ਦੇਣਗੇ। ਰਾਜ ਸਭਾ ਸਕੱਤਰੇਤ ਅਨੁਸਾਰ, ਸੰਸਦ ਗੈਲਰੀ ਅਤੇ ਚੈਂਬਰ ਦੋਵੇਂ ਜਗ੍ਹਾ ਬੈਠਣਗੇ।
ਕੀਤੀਆਂ ਗਈਆਂ ਹਨ ਇਹ ਵਿਵਸਥਾਵਾਂ
1952 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇਗੀ। ਰਾਜ ਸਭਾ 'ਚ ਇਸ ਦੌਰਾਨ 60 ਮੈਂਬਰ ਚੈਂਬਰ 'ਚ ਬੈਠਣਗੇ, 51 ਗੈਲਰੀ 'ਚ ਅਤੇ ਬਾਕੀ 132 ਨੂੰ ਚੈਂਬਰ 'ਚ ਬਿਠਾਇਆ ਜਾਵੇਗਾ। ਇਸੇ ਤਰ੍ਹਾਂ ਦਾ ਸਿਸਟਮ ਲੋਕ ਸਭਾ 'ਚ ਲਾਗੂ ਕੀਤਾ ਜਾਵੇਗਾ। ਹੁਣ ਜਦੋਂ ਦੋਹਾਂ ਸਦਨਾਂ 'ਚ ਹੀ ਮੈਂਬਰ ਬੈਠਣਗੇ, ਅਜਿਹੇ 'ਚ ਦੋਹਾਂ ਸਦਨਾਂ ਨੂੰ ਜੋੜਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪਹਿਲੀ ਵਾਰ ਵੱਡੀ ਸਕਰੀਨ ਲਗਾਈ ਜਾ ਰਹੀ ਹੈ। ਗੈਲਰੀ-ਚੈਂਬਰ 'ਚ ਸੈਨੀਟਾਈਜੇਸ਼ਨ ਕੀਤਾ ਜਾਵੇਗਾ। ਨਾਲ ਹੀ ਦੋਹਾਂ ਸਦਨਾਂ ਲਈ ਕੇਬਲ ਦੀ ਵਿਵਸਥਾ ਹੋਵੇਗੀ ਅਤੇ ਬੈਠਣ ਦੀ ਜਗ੍ਹਾ 'ਤੇ ਕੈਬਿਨ ਵਰਗੀ ਵਿਵਸਥਾ ਕੀਤੀ ਜਾਵੇਗੀ ਤਾਂ ਕਿ ਸਮਾਨ ਦੂਰੀ ਬਣੀ ਰਹੇ। ਦੱਸਣਯੋਗ ਹੈ ਕਿ ਮਾਰਚ 'ਚ ਬਜਟ ਸੈਸ਼ਨ ਦੌਰਾਨ ਦੇਸ਼ 'ਚ ਕੋਰੋਨਾ ਆਫ਼ਤ ਦੇ ਮਾਮਲੇ ਵੱਧ ਗਏ ਸਨ, ਜਿਸ ਦੇ ਬਾਅਦ ਤੋਂ ਹੀ ਸਦਨ ਸ਼ੁਰੂ ਨਹੀਂ ਹੋ ਸਕਿਆ ਹੈ। ਇਸ ਵਿਚ ਸੰਸਦੀ ਕਮੇਟੀਆਂ ਦੀ ਬੈਠਕ ਹਾਲ ਹੀ ਦੇ ਦਿਨਾਂ 'ਚ ਹੋਈ ਹੈ। ਸਦਨ ਚਲਾਉਣ ਨੂੰ ਲੈ ਕੇ ਰਾਜ ਸਭਾ, ਲੋਕ ਸਭਾ ਦੇ ਸਪੀਕਰਜ਼ ਵਲੋਂ ਕਈ ਵਾਰ ਬੈਠਕਾਂ ਵੀ ਕੀਤੀਆਂ ਗਈਆਂ ਹਨ।