ਕੋਰੋਨਾ : ਲੋਕ ਸਭਾ ’ਚ ਉੱਠੀ ਮੰਗ, ਫਸੇ ਭਾਰਤੀਆਂ ਨੂੰ ਲਿਆਂਦਾ ਜਾਵੇ ਭਾਰਤ
Thursday, Mar 19, 2020 - 03:23 PM (IST)
ਨਵੀਂ ਦਿੱਲੀ— ਲੋਕ ਸਭਾ ’ਚ ਵੀਰਵਾਰ ਭਾਵ ਅੱਜ ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਵਿਦੇਸ਼ਾਂ ’ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਲਿਆਉਣ ਦੀ ਮੰਗ ਉੱਠੀ। ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਕੋਰੋਨਾ ਦੇ ਕਹਿਰ ਕਾਰਨ ਮਲੇਸ਼ੀਆ ਅਤੇ ਸਿੰਗਾਪੁਰ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਸਰਕਾਰ ਨੂੰ ਉੱਚਿਤ ਕਦਮ ਚੁੱਕਣ ਦੀ ਮੰਗ ਕੀਤੀ। ਸਦਨ ’ਚ ਕਾਂਗਰਸੀ ਨੇਤਾ ਅਧੀਨ ਰੰਜਨ ਚੌਧਰੀ ਨੇ ਸਿਫਰ ਕਾਲ ’ਚ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਵਿਦੇਸ਼ਾਂ ’ਚ ਫਸੇ ਹੋਏ ਹਨ। ਉਨ੍ਹਾਂ ਨੂੰ ਛੇਤੀ ਤੋਂ ਛੇਤੀ ਦੇਸ਼ ਲਿਆਉਣ ਲਈ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਇਡੁੱਕੀ ਤੋਂ ਕਾਂਗਰਸ ਦੇ ਸੰਸਦ ਮੈਂਬਰ ਡੀਨ ਕੁਰੀਯਾਕੋਸ ਨੇ ਵੀ ਉਨ੍ਹਾਂ ਦੀ ਮੰਗ ਦਾ ਸਮਰਥਨ ਕੀਤਾ।
ਸਦਨ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਦੀਪ ਬੰਦੋਪਾਧਿਆਏ ਨੇ ਕਿਹਾ ਕਿ ਸਿੰਗਾਪੁਰ ਹਵਾਈ ਅੱਡੇ ’ਤੇ 58 ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ’ਚੋਂ 25 ਵਿਦਿਆਰਥਣਾਂ ਵੀ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦਾ ਕਹਿਰ ਦੁਨੀਆ ਭਰ ’ਚ ਫੈਲ ਗਿਆ ਹੈ, ਲਿਹਾਜਾ ਵਿਦਿਆਰਥੀਆਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਤੁਰੰਤ ਘਰ ਬੁਲਾਉਣਾ ਚਾਹੁੰਦੇ ਹਨ। ਭਾਰਤ ਸਰਕਾਰ ਨੇ 17 ਮਾਰਚ ਨੂੰ ਅਫਗਾਨਿਸਤਾਨ, ਫਿਲਪੀਨਜ਼ ਅਤੇ ਮਲੇਸ਼ੀਆ ਤੋਂ ਯਾਤਰੀਆਂ ਦੇ ਆਉਣ ’ਤੇ ਰੋਕ ਲਾ ਦਿੱਤੀ, ਜਿਸ ਨਾਲ ਇਨ੍ਹਾਂ ਦੇਸ਼ਾਂ ’ਚ ਸੈਂਕੜੇ ਵਿਦਿਆਰਥੀ ਫਸ ਗਏ ਹਨ। ਮੈਂਬਰਾਂ ਨੇ ਵਿਦਿਆਰਥੀਆਂ ਨੂੰ ਦੇਸ਼ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਣ ਦੀ ਮੰਗ ਕੀਤੀ ਹੈ। ਭਾਜਪਾ ਦੀ ਨੇਤਾ ਮੀਨਾਕਸ਼ੀ ਲੇਖੀ ਨੇ ਕੋਰੋਨਾ ਦੀ ਰੋਕਥਾਮ ਅਤੇ ਉਸ ਨਾਲ ਨਜਿੱਠਣ ’ਚ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਵੀ ਆਪਣੇ-ਆਪਣੇ ਪੱਧਰ ’ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ।