ਦੇਸ਼ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11 ਹਜ਼ਾਰ ਦੇ ਪਾਰ, 377 ਦੀ ਹੋਈ ਮੌਤ
Wednesday, Apr 15, 2020 - 09:52 AM (IST)
ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ 'ਚ ਕੋਰੋਨਾ ਦੇ 11439 ਕੇਸ ਸਾਹਮਣੇ ਆ ਚੁਕੇ ਹਨ। ਇਨਾਂ 'ਚੋਂ 377 ਦੀ ਮੌਤ ਹੋ ਚੁਕੀ ਹੈ। ਪਿਛਲੇ 24 ਘੰਟਿਆਂ 'ਚ 1076 ਨਵੇਂ ਕੇਸ ਮਿਲੇ ਹਨ ਅਤੇ 38 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਹੁਣ ਤੱਕ 1306 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਆ ਗਏ ਹਨ। ਕੋਰੋਨਾ ਨਾਲ ਦਿੱਲੀ ਅਤੇ ਮੁੰਬਈ 'ਚ ਹਾਲਾਤ ਸਭ ਤੋਂ ਵਧ ਖਰਾਬ ਹਨ।
3 ਮਈ ਤੱਕ ਵਧਿਆ ਲਾਕਡਾਊਨ
ਮੁੰਬਈ ਦੇ ਇਕ ਹਸਪਤਾਲ 'ਚ ਸਟਾਫ਼ ਦੇ 10 ਹੋਰ ਲੋਕਾਂ ਨੂੰ ਕੋਰੋਨਾ ਇਨਫੈਕਟਡ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਇੱਥੇ 3 ਮਰੀਜ਼ਾਂ ਨੂੰ ਕੋਰੋਨਾ ਇਨਫੈਕਟਡ ਪਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਸਟਾਫ਼ ਨੂੰ ਕੁਆਰੰਟੀਨ ਕੀਤਾ ਗਿਆ ਸੀ। ਹੁਣ ਤੱਕ 35 ਲੋਕ ਇਸ ਹਸਪਤਾਲ 'ਚ ਇਨਫੈਕਟਡ ਪਾਏ ਗਏ ਹਨ। ਉੱਥੇ ਹੀ ਦਿੱਲੀ 'ਚ ਕੋਵਿਡ-19 ਦੇ 51 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਪੀੜਤਾਂ ਦੀ ਗਿਣਤੀ ਵਧ ਕੇ 1561 ਹੋ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਦੀ ਤੇਜ਼ ਹੁੰਦੀ ਰਫ਼ਤਾਰ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲਾਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ।