ਕੋਰੋਨਾ : ਕੇਰਲ ''ਚ 5 ਨਵੇਂ ਮਾਮਲੇ ਆਏ ਸਾਹਮਣੇ, ਦੇਸ਼ ''ਚ ਮਰੀਜ਼ਾਂ ਦੀ ਗਿਣਤੀ ਹੋਈ 39
Sunday, Mar 08, 2020 - 11:43 AM (IST)
ਕੇਰਲ— ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਆਪਣੀ ਦਹਿਸ਼ਤ ਫੈਲਾ ਰੱਖੀ ਹੈ। 97 ਦੇਸ਼ਾਂ 'ਚ ਇਹ ਜਾਨਲੇਵਾ ਵਾਇਰਸ ਦਸਤਕ ਦੇ ਚੁੱਕਾ ਹੈ। ਕੇਰਲ 'ਚ 5 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ ਭਾਰਤ 'ਚ ਇਸ ਵਾਇਰਸ ਦੇ ਕੁੱਲ 39 ਮਾਮਲੇ ਹੋ ਚੁੱਕੇ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ 3 ਕੇਸ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਪਰ ਇਹ ਤਿੰਨੋਂ ਮਰੀਜ਼ ਠੀਕ ਹੋ ਗਏ ਹਨ। ਹੁਣ ਮੁੜ 5 ਮਾਮਲੇ ਸਾਹਮਣੇ ਆਏ ਹਨ।
ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਤੇਲੰਗਾਨਾ ਆਦਿ ਸੂਬਿਆਂ 'ਚ ਇਹ ਮਾਮਲੇ ਸਾਹਮਣੇ ਆਏ ਹਨ, ਜਿੱਥੇ ਮਰੀਜ਼ਾਂ ਦਾ ਇਲਾਜ ਜਾਰੀ ਹੈ। ਭਾਰਤ 'ਚ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਹਵਾਈ ਅੱਡਿਆਂ 'ਤੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਦੁਨੀਆ ਭਰ 'ਚ ਇਸ ਵਾਇਰਸ ਕਾਰਨ 3,512 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ ਤੋਂ ਵਧੇਰੇ ਲੋਕ ਲਪੇਟ 'ਚ ਹਨ। ਚੀਨ 'ਚ ਫੈਲੇ ਇਸ ਵਾਇਰਸ ਨੇ ਲੋਕਾਂ 'ਚ ਖੌਫ ਦਾ ਮਾਹੌਲ ਹੈ। ਅਜੇ ਤਕ ਵਾਇਰਸ ਨਾਲ ਲੜਨ ਦੀ ਕੋਈ ਦਵਾਈ ਨਹੀਂ ਬਣੀ ਹੈ ਪਰ ਇਸ ਦੇ ਬਚਾਅ ਲਈ ਲੋਕਾਂ ਨੂੰ ਸਾਫ-ਸਫਾਈ ਵੱਲ ਖਾਸ ਧਿਆਨ ਰੱਖਣ ਲਈ ਕਿਹਾ ਜਾ ਰਿਹਾ। ਵਾਇਰਸ ਤੋਂ ਬਚਣ ਲਈ ਹੱਥਾਂ ਨੂੰ ਸਾਬੁਣ ਨਾਲ ਜ਼ਰੂਰ ਧੋਵੋ।