ਮਾਂ ਗੰਗਾ ਦੀ ਕ੍ਰਿਪਾ ਨਾਲ ਨਹੀਂ ਫੈਲੇਗਾ ਕੋਰੋਨਾ : ਤੀਰਥ ਸਿੰਘ ਰਾਵਤ

04/13/2021 7:33:49 PM

ਨੈਸ਼ਨਲ ਡੈਸਕ : ਕੋਰੋਨਾ ਦੀ ਲਾਗ (ਮਹਾਮਾਰੀ) ਦਰਮਿਆਨ ਉੱਤਰਾਖੰਡ ਦੇ ਹਰਿਦੁਆਰ ’ਚ ਲੱਗੇ ਕੁੰਭ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦਾ ਕਹਿਣਾ ਹੈ ਕਿ ਮਾਂ ਗੰਗਾ ਦੇ ਆਸ਼ੀਰਵਾਦ ਨਾਲ ਇਥੇ ਕੋਰੋਨਾ ਨਹੀਂ ਫੈਲੇਗਾ। ਮੁੱਖ ਮੰਤਰੀ ਰਾਵਤ ਨੇ ਇਹ ਵੀ ਕਿਹਾ ਕਿ ਕੁੰਭ ਦੀ ਤੁਲਨਾ ਮਰਕਜ਼ ਨਾਲ ਨਹੀਂ ਕੀਤੀ ਜਾ ਸਕਦੀ। ਮਰਕਜ਼ ਨਾਲ ਜੋ ਕੋਰੋਨਾ ਫੈਲਿਆ, ਉਹ ਇਸ ਲਈ ਕਿਉਂਕਿ ਉਹ ਬੰਦ ਕਮਰੇ ’ਚ ਸਨ। ਕੁੰਭ ਖੁੱਲ੍ਹੇ ’ਚ ਹੈ, ਇਸ ਲਈ ਕੋਰੋਨਾ ਨਹੀਂ ਫੈਲੇਗਾ। ਉਨ੍ਹਾਂ ਕਿਹਾ ਕਿ ਮਾਂ ਗੰਗਾ ਦੀ ਨਿਰੰਤਰ ਧਾਰਾ ਹੈ, ਮਾਂ ਗੰਗਾ ਦਾ ਆਸ਼ੀਰਵਾਦ ਲੈ ਕੇ ਸ਼ਰਧਾਲੂ ਜਾਣਗੇ ਤਾਂ ਕੋਰੋਨਾ ਨਹੀਂ ਫੈਲੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਸਕੱਤਰੇਤ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਰਾਵਤ ਨੇ ਕਿਹਾ ਸੀ ਕਿ ਦੂਸਰੇ ਸ਼ਾਹੀ ਇਸ਼ਨਾਨ ’ਚ ਅਖਾੜਿਆਂ ਦੇ ਸੰਤ ਸਮਾਜ ਤੋਂ ਲੈ ਕੇ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਹਰਿਦੁਆਰ ਕੁੰਭ 2021 ’ਚ ਡੁਬਕੀ ਲਾ ਕੇ ਮੁੜ ਲਾਭ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਸੋਮਵਤੀ ਮੱਸਿਆ ’ਤੇ ਹੋਏ ਦੂਸਰੇ ਸ਼ਾਹੀ ਇਸ਼ਨਾਨ ਨੂੰ ਲੈ ਕੇ ਸ਼ਰਧਾਲੂਆਂ ’ਚ ਬਹੁਤ ਉਤਸ਼ਾਹ ਰਿਹਾ। ਸਵੇਰੇ 8 ਵਜੇ ਤਕ ਹੀ 15 ਲੱਖ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਸਨ। ਸ਼ਾਮ 6 ਵਜੇ ਤਕ ਸ਼ਰਧਾਲੂਆਂ ਦਾ ਅੰਕੜਾ 28 ਲੱਖ ’ਤੇ ਪਹੁੰਚ ਗਿਆ। ਉਨ੍ਹਾਂ ਕਿ ਅਜਿਹੀ ਉਮੀਦ ਹੈ ਕਿ ਸ਼ਾਹੀ ਇਸ਼ਨਾਨ ਦੀ ਸਮਾਪਤੀ ਤਕ 35 ਲੱਖ ਸ਼ਰਧਾਲੂ ਇਸ਼ਨਾਨ ਕਰ ਲੈਣਗੇ।

ਇਸ ਦਰਮਿਆਨ ਉਤਰਾਖੰਡ ਦੇ ਆਈ. ਜੀ. ਸੰਜੇ ਗੁੰਜਿਆਲ ਨੇ ਦੱਸਿਆ ਕਿ ਲੋਕਾਂ ਨੂੰ ਲਗਾਤਾਰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਭਾਰੀ ਭੀੜ ਕਾਰਨ ਅੱਜ ਚਲਾਨ ਕਰਨਾ ਵਿਵਹਾਰਿਕ ਰੂਪ ਨਾਲ ਸੰਭਵ ਨਹੀਂ ਹੈ। ਘਾਟਾਂ ’ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਾਉਣੀ ਬਹੁਤ ਮੁਸ਼ਕਿਲ ਹੈ। ਜੇ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਾਵਾਂਗੇ ਤਾਂ ਇਸ ਨਾਲ ਭਗਦੜ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਉੱਤਰਾਖੰਡ ’ਚ 1334 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਸੂਬੇ ’ਚ ਕੋਰੋਨਾ ਮਾਮਲਿਆਂ ਦੀ ਕੁਲ ਗਿਣਤੀ 1,10,146 ਹੋ ਗਈ ਤੇ ਸੱਤ ਮਰੀਜ਼ਾਂ ਦੀ ਮੌਤ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 1767 ਹੋ ਗਿਆ। ਦੇਹਰਾਦੂਨ, ਹਰਿਦੁਆਰ, ਨੈਨੀਤਾਲ, ਊਧਮ ਸਿੰਘ ਨਗਰ, ਪੌੜੀ, ਟਿਹਰੀ ’ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ।


Anuradha

Content Editor

Related News