ਕੋਰੋਨਾ ਨਾਲ ਨਜਿੱਠਣ ਲਈ ਯੋਗੀ ਸਰਕਾਰ ਤਿਆਰ, 'ਹਜ ਹਾਊਸ' ਨੂੰ ਬਣਾਏਗੀ 500 ਬੈੱਡ ਵਾਲਾ ਸੈਂਟਰ
Saturday, Mar 07, 2020 - 01:24 PM (IST)
ਗਾਜ਼ੀਆਬਾਦ— ਕੋਰੋਨਾ ਵਾਇਰਸ ਦਾ ਖੌਫ ਹਰ ਥਾਂ ਦੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ ਕੋਰੋਨਾ ਦਸਤਕ ਦੇ ਚੁੱਕਾ ਹੈ। ਕੋਰੋਨਾ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਤੋਂ ਸੂਬਾ ਸਰਕਾਰਾਂ ਚੌਕਸੀ ਵਰਤ ਰਹੀਆਂ ਹਨ। ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਹਰ ਪੱਧਰ 'ਤੇ ਕੋਸ਼ਿਸ਼ ਕਰ ਰਹੀ ਹੈ। ਉੱਤਰ ਪ੍ਰਦੇਸ਼ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਗਾਜ਼ੀਆਬਾਦ ਦੇ ਅਰਥਲਾ 'ਚ ਬਣੇ ਆਲੀਸ਼ਾਨ ਆਲਾ ਹਜ਼ਰਤ ਹਜ ਹਾਊਸ ਨੂੰ 500 ਬੈੱਡ ਦੇ ਆਈਸੋਲੇਸ਼ਨ ਸੈਂਟਰ 'ਚ ਬਦਲਣ ਦਾ ਫੈਸਲਾ ਲਿਆ ਹੈ।
ਇਸ ਸੈਂਟਰ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਜਿਸ ਨਾਲ ਉਹ ਹੋਰ ਲੋਕਾਂ ਤੋਂ ਦੂਰ ਰਹਿਣ ਅਤੇ ਕਿਸੇ ਨੂੰ ਇਨਫੈਕਸ਼ਨ ਨਾ ਕਰਨ। ਹਜ ਹਾਊਸ 'ਚ ਜ਼ਿਲਾ ਹਸਪਤਾਲ ਦੇ ਡਾਕਟਰ ਵੀ ਰਹਿਣਗੇ ਜੋ ਕਿ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨਗੇ। ਹਜ ਹਾਊਸ ਦੀ ਪੂਰੀ ਤਰੀਕੇ ਨਾਲ ਸਾਫੀ ਸਫਾਈ, ਪਾਣੀ ਅਤੇ ਬਿਜਲੀ ਦੀ ਵਿਵਸਥਾ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਇੱਥੇ ਠਹਿਰਣ ਤਾਂ ਉਨ੍ਹਾਂ ਨੂੰ ਰੋਕ ਮੁਸ਼ਕਲ ਪੇਸ਼ ਨਾ ਆਵੇ। ਆਈਸੋਲੇਸ਼ਨ ਸੈਂਟਰ ਬਣਾਉਣ ਤੋਂ ਪਹਿਲਾਂ ਉੱਤਰ ਪ੍ਰਦੇਸ਼ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਘੱਟ ਗਿਣਤੀ ਬੋਰਡ ਦੇ ਅਧਿਕਾਰੀਆਂ ਨੇ ਵੀ ਹਜ ਹਾਊਸ ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ : ਕੋਰੋਨਾਵਾਇਰਸ: ਹਿਮਾਚਲ ਲਈ ਰਾਹਤ ਦੀ ਖਬਰ, 3 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
ਗਾਜ਼ੀਆਬਾਦ ਦੇ ਇਸ ਹਜ ਹਾਊਸ 'ਚ ਕਈ ਵੱਡੇ ਕਮਰੇ ਹਨ ਅਤੇ ਮਰੀਜ਼ਾਂ ਦੀ ਜ਼ਰੂਰਤਾਂ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇਸ ਹਜ ਹਾਊਸ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਹਜ ਸੈਂਟਰ ਨੂੰ ਅਗਲੇ 3 ਤੋਂ 4 ਦਿਨਾਂ ਅੰਦਰ ਕੋਰੋਨਾ ਆਈਸੋਲੇਸ਼ਨ ਸੈਂਟਰ 'ਚ ਤਬਦੀਲ ਕਰ ਦਿੱਤਾ ਜਾਵੇਗਾ। ਓਧਰ ਗਾਜ਼ੀਆਬਾਦ ਦੇ ਜ਼ਿਲਾ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਆਦੇਸ਼ ਤੋਂ ਬਾਅਦ ਹੀ ਹਜ ਹਾਊਸ ਨੂੰ ਆਈਸੋਲੇਸ਼ਨ ਸੈਂਟਰ 'ਚ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ 14 ਤੋਂ 28 ਦਿਨ ਤਕ ਇਸ ਆਈਸੋਲੇਸ਼ਨ ਸੈਂਟਰ 'ਚ ਰੱਖਿਆ ਜਾਵੇਗਾ। ਕਿਸੇ ਮਰੀਜ਼ ਦੇ ਕੋਰੋਨਾ ਵਾਇਰਸ ਪਾਜੀਟਿਵ ਪਾਏ ਜਾਣ ਤੋਂ ਬਾਅਦ ਉਸ ਨੂੰ ਇਲਾਜ ਲਈ ਦਿੱਲੀ ਭੇਜਿਆ ਜਾਵੇਗਾ। ਇੱਥੇ ਦੱਸ ਦੇਈਏ ਕਿ ਇਸ ਹਜ ਹਾਊਸ ਦਾ ਨਿਰਮਾਣ ਸਮਾਜਵਾਦੀ ਪਾਰਟੀ ਦੀ ਸਰਕਾਰ ਦੌਰਾਨ ਕਰਵਾਇਆ ਗਿਆ ਸੀ।