ਕੋਰੋਨਾ ਵਾਇਰਸ ਨੂੰ ਲੈ ਕੇ PM ਮੋਦੀ ਨੇ ਕੀਤਾ ਟਵੀਟ- ਡਰਨ ਦੀ ਲੋੜ ਨਹੀਂ
Tuesday, Mar 03, 2020 - 04:06 PM (IST)
ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਵੇਲ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਮੰਗਲਵਾਰ ਭਾਵ ਅੱਜ ਸਮੀਖਿਆ ਕੀਤੀ। ਮੋਦੀ ਨੇ ਆਪਣੇ ਟਵੀਟ 'ਚ ਕਿਹਾ ਕਿ ਕੋਵਿਡ-19 ਨਾਲ ਨਜਿੱਠਣ ਦੀ ਤਿਆਰੀਆਂ ਦੀ ਸਮੀਖਿਆ ਕੀਤੀ। ਵੱਖ-ਵੱਖ ਮੰਤਰਾਲੇ ਅਤੇ ਸੂਬੇ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਹੋ ਰਹੀ ਹੈ ਅਤੇ ਡਾਕਟਰੀ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਡਰਨ ਦੀ ਲੋੜ ਨਹੀਂ ਹੈ, ਸਵੈ-ਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਨੂੰ ਇਕੱਠੇ ਮਿਲ ਕੇ ਕੰਮ ਕਰਨ ਅਤੇ ਛੋਟੇ ਅਤੇ ਮਹੱਤਵਪੂਰਨ ਉਪਾਅ ਕਰਨ ਦੀ ਲੋੜ ਹੈ। ਇੱਥੇ ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ 'ਕੋਵਿਡ-19' ਦਾ ਨਾਮ ਦਿੱਤਾ ਹੈ।
ਇਸ ਵਾਇਰਸ ਨੇ ਦਿੱਲੀ, ਤੇਲੰਗਾਨਾ, ਜੈਪੁਰ ਤੋਂ ਬਾਅਦ ਨੋਇਡਾ ਅਤੇ ਆਗਰਾ 'ਚ ਵੀ ਦਸਤਕ ਦੇ ਦਿੱਤੀ ਹੈ। ਇਹ ਜਾਨਲੇਵਾ ਵਾਇਰਸ ਚੀਨ 'ਚ ਫੈਲਿਆ ਹੈ, ਜਿਸ ਨੇ ਦੁਨੀਆ ਦੇ ਕਰੀਬ 70 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਦੁਨੀਆ ਭਰ 'ਚ ਇਸ ਵਾਇਰਸ ਕਾਰਨ 3000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਚੀਨ 'ਚ ਹੁਣ ਤਕ 2,943 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 89,000 ਦੇ ਕਰੀਬ ਲੋਕ ਵਾਇਰਸ ਦੇ ਲਪੇਟ 'ਚ ਹਨ।