ਕੋਰੋਨਾ ਵਾਇਰਸ ਤੋਂ ਬਚਣ ਨੂੰ ਲੈ ਕੇ PM ਮੋਦੀ ਦਾ ਇਕ ਹੋਰ ਟਵੀਟ, ਦਿੱਤੀ ਇਹ ਜਾਣਕਾਰੀ
Wednesday, Mar 04, 2020 - 12:14 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕ ਤੋਂ ਬਾਅਦ ਇਕ ਟਵੀਟ ਕਰ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਅਲਰਟ ਰਹਿਣ ਲਈ ਅਪੀਲ ਕਰ ਰਹੇ ਹਨ। ਉੱਥੇ ਹੀ ਅੱਜ ਮੋਦੀ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਹੋਲੀ ਮਿਲਨ ਸਮਾਰੋਹ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਹੈ।
ਪੀ. ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਦੁਨੀਆ ਭਰ ਦੇ ਮਾਹਰਾ ਨੇ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਸਾਰ ਤੋਂ ਬੱਚਣ ਲਈ ਸਮੂਹਕ ਸਮਾਰੋਹਾਂ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ, ਇਸ ਸਾਲ ਮੈਂ ਵੀ ਕਿਸੇ ਵੀ ਹੋਲੀ ਮਿਲਨ ਪ੍ਰੋਗਰਾਮ 'ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਮੋਦੀ ਇਸ ਤੋਂ ਪਹਿਲਾਂ ਵੀ ਟਵੀਟ ਕਰ ਕੇ ਲੋਕਾਂ ਨੂੰ ਅਪੀਲ ਕਰ ਚੁੱਕੇ ਹਨ। ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਨਾ ਘਬਰਾਉਣ ਅਤੇ ਇਕੱਠੇ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਸੀ ਕਿ ਘਬਰਾਉਣ ਦੀ ਲੋੜ ਨਹੀਂ ਹੈ। ਸਾਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਖੁਦ ਦੀ ਸੁਰੱਖਿਆ ਲਈ ਛੋਟੇ ਮਗਰ ਮਹੱਤਵਪੂਰਨ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਨੇ ਇਸ ਦੇ ਨਾਲ ਹੀ ਟਵੀਟ 'ਚ ਸਾਫ-ਸਫਾਈ ਦੇ ਤੌਰ ਤਰੀਕਿਆਂ ਬਾਰੇ ਦੱਸਿਆ ਹੈ। ਜਿਸ 'ਚ ਹੱਥ ਧੋਣ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਬਚਣ ਲਈ ਕਿਹਾ ਗਿਆ ਹੈ, ਤਾਂ ਕਿ ਵਾਇਰਸ ਨਾ ਫੈਲੇ।