ਕੋਰੋਨਾ ਕਾਰਨ ਚੀਨੀ ਨਾਗਰਿਕਾਂ ਲਈ ਭਾਰਤ ਵਲੋਂ ਈ-ਵੀਜ਼ਾ ਸਹੂਲਤ ਮੁਅੱਤਲ

02/02/2020 3:54:00 PM

ਨਵੀਂ ਦਿੱਲੀ— ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਭਾਰਤ ਨੇ ਅੱਜ ਭਾਵ ਐਤਵਾਰ ਨੂੰ ਚੀਨੀ ਨਾਗਰਿਕਾਂ ਅਤੇ ਚੀਨ 'ਚ ਰਹਿਣ ਵਾਲੇ ਵਿਦੇਸ਼ੀਆਂ ਲਈ ਈ-ਵੀਜ਼ਾ ਸਹੂਲਤ ਨੂੰ ਮੁਅੱਤਲ ਕਰ ਦਿੱਤਾ ਹੈ। ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਦੇ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਈ-ਵੀਜ਼ਾ 'ਤੇ ਭਾਰਤ ਦੀ ਯਾਤਰਾ ਅਸਥਾਈ ਰੂਪ ਨਾਲ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤੀ ਜਾਂਦੀ ਹੈ। ਇਹ ਚੀਨੀ ਪਾਸਪੋਰਟ ਧਾਰਕਾਂ ਅਤੇ ਚੀਨ 'ਚ ਰਹਿਣ ਵਾਲੇ ਹੋਰ ਦੇਸ਼ਾਂ ਦੇ ਬਿਨੈਕਾਰਾਂ 'ਤੇ ਲਾਗੂ ਹੁੰਦਾ ਹੈ। 

ਦੱਸਣਯੋਗ ਹੈ ਕਿ ਜਾਨਲੇਵਾ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਚੀਨ ਦੇ ਬਾਹਰ ਮੌਤ ਦਾ ਪਹਿਲਾ ਮਾਮਲਾ ਫਿਲੀਪੀਨਜ਼ 'ਚ ਸਾਹਮਣੇ ਆਇਆ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 305 ਹੋ ਗਈ ਹੈ। ਇਸ ਵਾਇਰਸ ਕਾਰਨ 14,562 ਲੋਕਾਂ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਫਿਲੀਪੀਨਜ਼ 'ਚ ਕੋਰੋਨਾ ਵਾਇਰਸ ਕਾਰਨ ਐਤਵਾਰ ਭਾਵ ਅੱਜ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਵਾਇਰਸ ਕਾਰਨ ਕਿਸੇ ਵਿਅਕਤੀ ਦੀ ਚੀਨ ਤੋਂ ਬਾਹਰ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸ਼ਨੀਵਾਰ ਤਕ ਇਸ ਵਾਇਰਸ ਕਾਰਨ ਕੁੱਲ 304 ਲੋਕਾਂ ਦੀ ਮੌਤ ਹੋਈ ਹੈ। ਫਿਲੀਪੀਨਜ਼ 'ਚ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਚੀਨ ਦੇ ਸ਼ਹਿਰ ਵੁਹਾਨ ਦਾ ਰਹਿਣ ਵਾਲਾ ਸੀ। 

ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਚੀਨ ਦੇ ਸ਼ਹਿਰ ਵੁਹਾਨ 'ਚ ਹੈ। ਇਸ ਦੇ ਲੱਛਣ ਹਨ- ਬੁਖਾਰ, ਸਿਰ ਦਰਦ, ਗਲੇ ਵਿਚ ਜਲਨ, ਛਾਤੀ ਵਿਚ ਦਰਦ, ਖੰਘ, ਸਾਹ ਲੈਣ 'ਚ ਮੁਸ਼ਕਲ ਆਦਿ। ਇਸ ਨਾਲ ਪੀੜਤ ਵਿਅਕਤੀ ਦੀ ਕਿਡਨੀ ਫੇਲ ਹੋ ਜਾਂਦੀ ਹੈ ਅਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸ ਵਾਇਰਸ ਤੋਂ ਬਚਣ ਦੇ ਕਈ ਤਰੀਕੇ ਹਨ, ਜਿਵੇਂ ਕਿ ਆਪਣੇ ਹੱਥਾਂ ਨੂੰ ਸਾਫ ਰੱਖੋ, ਮੂੰਹ ਨੂੰ ਢੱਕ ਕੇ ਰੱਖੋ, ਪੀੜਤ ਵਿਅਕਤੀ ਦੇ ਨੇੜੇ ਨਾ ਜਾਓ, ਪੂਰੀ ਤਰ੍ਹਾਂ ਨਾਲ ਪਕਿਆ ਹੋਇਆ ਭੋਜਨ ਖਾਓ, ਚਿਹਰੇ 'ਤੇ ਮਾਸਕ ਲਾਓ ਆਦਿ।


Tanu

Content Editor

Related News