ਕੋਰੋਨਾਵਾਇਰਸ ਨਾਲ ਵਧੀ ਭਾਰਤ ''ਚ ਬਣੇ N95 ਮਾਸਕ ਦੀ ਮੰਗ
Friday, Jan 31, 2020 - 04:57 PM (IST)

ਨਵੀਂ ਦਿੱਲੀ—ਚੀਨ 'ਚ ਮਿਲੇ ਕੋਰੋਨਾਵਾਇਰਸ ਦਾ ਕਹਿਰ ਹੁਣ ਦੁਨੀਆ ਭਰ 'ਚ ਫੈਲ ਚੁੱਕਾ ਹੈ। ਵਿਗਿਆਨੀ ਇਸ ਨਾਲ ਨਿਪਟਣ ਲਈ ਟੀਕੇ ਦੀ ਖੋਜ ਕਰ ਰਹੇ ਹਨ ਅਤੇ ਡਾਕਟਰ ਬਚਾਅ ਦੀ ਸਲਾਹ ਦੇ ਰਹੇ ਹਨ। ਵਾਇਰਸ ਤੋਂ ਬਚਾਅ ਲਈ ਸਾਰਿਆਂ ਨੂੰ ਘਰਾਂ ਤੋਂ ਬਾਹਰ ਨਿਕਲਣ ਅਤੇ ਘਰਾਂ 'ਚ ਰਹਿਣ ਦੌਰਾਨ ਐੱਨ-95 ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੌਰਾਨ ਐੱਨ-95 ਮਾਸਕ ਦੀ ਮੰਗ ਇੰਨੀ ਵੱਧ ਗਈ ਹੈ ਕਿ ਕੰਪਨੀ ਨੂੰ ਆਪਣਾ ਉਤਪਾਦਨ ਦੁੱਗਣਾ ਕਰਨਾ ਪਿਆ ਹੈ। ਚੀਨ 'ਚ ਤਾਂ ਅਜਿਹੇ ਮਾਸਕ ਵਾਲੀਆਂ ਦੁਕਾਨਾਂ 'ਤੇ ਮਾਸਕ ਲੈਣ ਲਈ ਲੰਬੀਆਂ- ਲੰਬੀਆਂ ਲਾਈਨਾਂ ਲੱਗੀਆਂ ਦੇਖਣ ਨੂੰ ਮਿਲ ਰਹੀਆਂ ਹਨ।
ਚੀਨ 'ਚ ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਦੀ ਮੰਗ ਵੱਧ ਗਈ ਹੈ। ਇਸ ਕਾਰਨ ਭਾਰਤ 'ਚ ਮਾਸਕ ਬਣਾਉਣ ਵਾਲੀਆਂ ਕੰਪਨੀਆਂ ਕੋਲ ਇਸ ਦੇ ਲਈ ਵਾਧੂ ਆਰਡਰ ਆ ਚੁੱਕੇ ਹਨ। ਭਾਰਤ 'ਚ ਐੱਨ-95 ਮਾਸਕ ਬਣਾਉਣ ਵਾਲੀ ਕੰਪਨੀ ਏ.ਐੱਮ. ਮੈਡੀਵੇਅਰ ਦੇ ਐੱਮ.ਡੀ. ਅਭਿਲਾਸ਼ ਨੇ ਦੱਸਿਆ ਹੈ ਕਿ ਸਾਨੂੰ ਭਾਰਤੀ ਐਕਸਪੋਰਟਰਜ਼ ਵੱਲੋਂ ਮਾਸਕ ਦੀ ਵੱਡੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਮੰਗ ਪੂਰੀ ਕਰਨ ਲਈ ਉਤਪਾਦਨ ਦੁੱਗਣਾ ਕਰ ਦਿੱਤਾ ਹੈ। ਉੱਥੇ ਹੀ ਆਰਡਰ ਦੀ ਵੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਇੱਥੇ ਕੰਮ ਦੇ ਘੰਟਿਆਂ 'ਚ ਵਾਧਾ ਕਰ ਦਿੱਤਾ ਗਿਆ ਹੈ।