ਕੋਰੋਨਾ ਵਾਇਰਸ : ਸੋਨੀਪਤ ਦਾ ਪਹਿਲਾ ਮਾਮਲਾ, ਹਰਿਆਣਾ 'ਚ ਮਰੀਜ਼ਾਂ ਦੀ ਗਿਣਤੀ ਹੋਈ 8
Saturday, Mar 21, 2020 - 07:37 PM (IST)
ਸੋਨੀਪਤ (ਪਵਨ ਰਾਠੀ) — ਹਰਿਆਣਾ 'ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਸੋਨੀਪਤ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਮਹਿਲਾ ਕੋਰੋਨਾ ਵਾਇਰਸ ਤੋਂ ਪੀੜਤ ਮਿਲੀ ਹੈ। ਸ਼ਹਿਰ ਦੇ ਸੈਕਟਰ-14 ਦੀ ਰਹਿਣ ਵਾਲੀ ਮਹਿਲਾ ਜੋ 18 ਮਾਰਚ ਨੂੰ ਇੰਗਲੈਂਡ ਤੋਂ ਆਈ ਸੀ, ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ 'ਤੇ ਖਾਨਪੁਰ ਸਥਿਤ ਮਹਿਲਾ ਮੈਡੀਕਲ ਕਾਲਜ ਦੇ ਆਇਸੋਲੇਸ਼ਨ ਸੈਂਟਰ 'ਚ ਦਾਖਲ ਕਰਵਾਇਆ ਗਿਆ ਹੈ। ਸੋਨੀਪਤ ਦੀ ਮਹਿਲਾ ਨੂੰ ਲੈ ਕੇ ਹਰਿਆਣਾ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਕੁਲ ਗਿਣਤੀ 8 ਹੋ ਗਈ ਹੈ। ਦੱਸਣਯੋਗ ਹੈ ਕਿ ਪੰਚਕੁਲਾ 'ਚ ਵੀ ਇਕ ਮਹਿਲਾ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ।
ਮਹਿਲਾ ਨੇ ਚੰਡੀਗੜ੍ਹ 'ਚ ਲੰਡਨ ਤੋਂ ਆਈ ਕੋਰੋਨਾ ਪਾਜ਼ੀਟਿਵ ਲੜਕੀ ਦੀ ਮਸਾਜ ਕੀਤੀ ਸੀ। ਸ਼ੁੱਕਰਵਾਰ ਨੂੰ ਸਪੇਨ ਤੋਂ ਪਰਤੀ 52 ਸਾਲ ਦੀ ਮਹਿਲਾ ਦਾ ਮਾਮਲਾ ਕੋਰੋਨਾ ਪਾਜ਼ੀਟਿਵ ਮਿਲਿਆ ਸੀ। ਉਥੇ ਹੀ ਇਸ ਤੋਂ ਪਹਿਲਾਂ ਚਾਰ ਔਰਤਾਂ ਗੁਰੂਗ੍ਰਾਮ ਅਤੇ 1 ਨੌਜਵਾਨ ਪਾਨੀਪਤ 'ਚ ਪੀੜਤ ਮਿਲਿਆ ਸੀ। ਗੁਰੂਗ੍ਰਾਮ 'ਚ ਸਾਹਮਣੇ ਆਈ ਚਾਰ ਔਰਤਾਂ 'ਚੋਂ ਤਿੰਨ ਲੰਡਨ ਤੋਂ ਪਰਤੀ ਸੀ, ਜਦਕਿ ਇਕ ਮਹਿਲਾ ਇੰਡੋਨੇਸ਼ੀਆ ਤੋਂ ਵਾਪਸ ਆਈ ਸੀ। ਪਾਨੀਪਤ 'ਚ ਪੀੜਤ ਮਿਲਿਆ ਨੌਜਵਾਨ ਵੀ ਲੰਡਨ ਤੋਂ ਵਾਪਸ ਆਇਆ ਸੀ। ਸਾਰਿਆਂ ਨੂੰ ਫਿਲਹਾਲ ਵੱਖ-ਵੱਖ ਥਾਂ ਆਇਸੋਲੇਸ਼ਨ 'ਚ ਰੱਖਿਆ ਗਿਆ ਹੈ।