ਦਿੱਲੀ: ਕੋਰੋਨਾ ਪਾਜ਼ੇਟਿਵ ਪੱਤਰਕਾਰ ਨੇ ਏਮਜ਼ ਦੀ ਚੌਥੀ ਮੰਜ਼ਲ ਤੋਂ ਮਾਰੀ ਛਾਲ
Monday, Jul 06, 2020 - 05:54 PM (IST)
ਨਵੀਂ ਦਿੱਲੀ (ਵਾਰਤਾ)— ਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਲੋਕਾਂ 'ਚ ਖ਼ੌਫ਼ ਦਾ ਮਾਹੌਲ ਹੈ। ਕੋਰੋਨਾ ਮਰੀਜ਼ ਤਣਾਅਗ੍ਰਸਤ ਹੋ ਰਹੇ ਹਨ। ਇਸ ਨੂੰ ਲੈ ਕੇ ਦੇਸ਼ 'ਚ ਕਈ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦਰਮਿਆਨ ਰਾਜਧਾਨੀ ਦਿੱਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਏਮਜ਼ ਟਰਾਮਾ ਸੈਂਟਰ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਹਿੰਦੀ ਅਖ਼ਬਾਰ 'ਚ ਪੱਤਰਕਾਰ ਸੀ। ਉਸ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ ਹੈ, ਉਸ ਨੇ ਏਮਜ਼ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਹਾਲਾਂਕਿ ਇਹ ਕਦਮ ਚੁੱਕਣ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਦੱਖਣੀ-ਪੱਛਮੀ ਜ਼ਿਲ੍ਹੇ ਦੇ ਪੁਲਸ ਡਿਪਟੀ ਕਮਿਸ਼ਨਰ ਦਵਿੰਦਰ ਆਰੀਆ ਨੇ ਦੱਸਿਆ ਕਿ ਭਜਨਪੁਰ ਵਾਸੀ ਇਕ ਨੌਜਵਾਨ ਨੂੰ 24 ਜੂਨ ਨੂੰ ਏਮਜ਼ ਦੇ ਟਰਾਮਾ ਸੈਂਟਰ ਦੀ ਚੌਥੀ ਮੰਜ਼ਲ 'ਤੇ ਕੋਵਿਡ-19 ਵਾਰਡ 'ਚ ਭਰਤੀ ਕਰਾਇਆ ਗਿਆ ਸੀ। ਉਸ ਨੇ ਅੱਜ ਕਰੀਬ 2 ਵਜੇ ਚੌਥੀ ਮੰਜ਼ਲ ਤੋਂ ਹੇਠਾਂ ਛਾਲ ਮਾਰ ਦਿੱਤੀ। ਏਮਜ਼ ਦੇ ਅਧਿਕਾਰਤ ਸੂਤਰਾਂ ਮੁਤਾਬਕ ਚੌਥੀ ਮੰਜ਼ਲ ਤੋਂ ਛਾਲ ਲਾਉਣ ਤੋਂ ਬਾਅਦ ਨੌਜਵਾਨ ਪੱਤਰਕਾਰ ਨੂੰ ਆਈ. ਸੀ. ਯੂ. ਵਿਚ ਦਾਖ਼ਲ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।