ਕੋਰੋਨਾ ਨੇ ਵਧਾਈ ਤੁਲਸੀ ਦੇ ਪੌਦੇ ਦੀ ਮੰਗ, ਕੀਮਤਾਂ ’ਚ ਆਈ ਤੇਜ਼ੀ
Sunday, Mar 15, 2020 - 09:19 PM (IST)
ਨਵੀਂ ਦਿੱਲੀ (ਯੂ. ਐੱਨ. ਆਈ.)–ਮੌਸਮ ’ਚ ਆਏ ਬਦਲਾਅ ਨੇ ਜਿਥੇ ਕੁਦਰਤੀ ਔਸ਼ਧੀ ਗੁਣਾਂ ਕਾਰਣ ਰੋਗ ਪ੍ਰਤੀਰੋਧਕ (ਇਮਿਊਨਿਟੀ) ਸਮਰੱਥਾ ਵਧਾਉਣ ’ਚ ਕਾਰਗਰ ਤੁਲਸੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਉਥੇ ਹੀ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਲੋਕਾਂ ’ਚ ਇਸ ਪੌਦੇ ਦੀ ਭਾਰੀ ਮੰਗ ਹੋ ਰਹੀ ਹੈ। ਇਸ ਵਾਰ ਕੜਾਕੇ ਦੀ ਠੰਡ ਅਤੇ ਠੰਡ ਦੇ ਜ਼ਿਆਦਾ ਸਮੇਂ ਤੱਕ ਰਹਿਣ ਅਤੇ ਵੱਧ ਮੀਂਹ ਕਾਰਣ ਤੁਲਸੀ ਦੇ ਪੌਦੇ ਸੁੱਕ ਗਏ ਹਨ।
ਪੌਦਿਆਂ ਦੀ ਕਮੀ ਅਤੇ ਇਸਦੀ ਵਧਦੀ ਮੰਗ ਕਾਰਣ ਇਸ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਤੁਲਸੀ ਦਾ ਪੌਦਾ ਜੋ ਆਮ ਤੌਰ ’ਤੇ 10 ਰੁਪਏ ’ਚ ਮਿਲ ਜਾਂਦਾ ਹੈ ਉਹ ਇਸ ਸਮੇਂ 50 ਰੁਪਏ ਪ੍ਰਤੀ ਪੌਦੇ ਦੇ ਹਿਸਾਬ ਨਾਲ ਮਿਲ ਰਿਹਾ ਹੈ। ਤੁਲਸੀ ਦੀ ਮਹਾਨਤਾ ਆਯੁਰਵੇਦ ’ਚ ਕਾਫੀ ਹੈ। ਕੋਰੋਨਾ ਦੇ ਪ੍ਰਕੋਪ ਕਾਰਣ ਲੋਕ ਰੋਗ ਪ੍ਰਤੀਰੋਧਕ (ਇਮਿਊਨਿਟੀ) ਵਧਾਉਣ ਲਈ ਤੁਲਸੀ ਦੇ ਪੱਤਿਆਂ ਨੂੰ ਹਾਸਲ ਕਰਨਾ ਚਾਹੁੰਦੇ ਹਨ ਅਤੇ ਇਸ ਪੌਦੇ ਲਈ ਨਿੱਜੀ ਨਰਸਰੀਆਂ ਵੱਲ ਆਪਣਾ ਰੁਖ ਕਰ ਰਹੇ ਹਨ।