ਚੰਗੀ ਖ਼ਬਰ : ਇਹ ਕੰਪਨੀ ਕਰੇਗੀ 15 ਹਜ਼ਾਰ ਫਰੈਸ਼ਰਸ ਦੀ ਭਰਤੀ

Thursday, Jul 23, 2020 - 09:32 AM (IST)

ਚੰਗੀ ਖ਼ਬਰ : ਇਹ ਕੰਪਨੀ ਕਰੇਗੀ 15 ਹਜ਼ਾਰ ਫਰੈਸ਼ਰਸ ਦੀ ਭਰਤੀ

ਨਵੀਂ ਦਿੱਲੀ : ਕੋਰੋਨਾ ਆਫ਼ਤ ਦੇ ਚਲਦੇ ਜਿੱਥੇ ਕਈ ਕੰਪਨੀਆਂ ਨੇ ਛਾਂਟੀ ਅਤੇ ਤਨਖ਼ਾਹ ਵਿਚ ਕਟੌਤੀ ਕੀਤੀ, ਉਥੇ ਹੀ ਦੇਸ਼ ਦੀ ਵੱਡੀ ਆਈ.ਟੀ. ਕੰਪਨੀ ਐੱਚ.ਸੀ.ਐੱਲ. ਟੈਕਨਾਲੋਜੀਜ਼ ਚੰਗੀ ਖ਼ਬਰ ਲੈ ਕੇ ਆਈ ਹੈ। ਕੰਪਨੀ ਨੇ ਚਾਲੂ ਵਿੱਤੀ ਸਾਲ ਵਿਚ 15 ਹਜ਼ਾਰ ਫਰੈਸ਼ਰਸ ਲੋਕਾਂ ਨੂੰ ਹਾਇਰ (ਭਰਤੀ) ਕਰਣ ਦਾ ਫ਼ੈਸਲਾ ਕੀਤਾ ਹੈ। HCL ਨੇ ਪਿਛਲੇ ਸਾਲ 9000 ਫਰੈਸ਼ਰਸ ਦੀ ਭਰਤੀ ਕੀਤੀ ਸੀ। ਇਸ ਤੋਂ ਸੰਕੇਤ ਸਾਫ਼ ਮਿਲ ਰਹੇ ਹਨ ਕਿ ਕੰਪਨੀ ਕੋਲ ਚੰਗੇ ਪ੍ਰਾਜੈਕਟਸ ਆਉਣ ਵਾਲੇ ਹਨ ਜਾਂ ਮੌਜੂਦਾ ਸਮੇਂ ਵਿਚ ਹਨ। ਦੱਸ ਦੇਈਏ ਕਿ ਦੇਸ਼ ਦੀ ਸਭ ਤੋਂ ਵੱਡੀ ਆਈ.ਟੀ. ਕੰਪਨੀ TCS ਨੇ ਵੀ 44 ਹਜ਼ਾਰ ਗ੍ਰੈਜੂਏਟ ਫਰੈਸ਼ਰਸ ਨੂੰ ਨੌਕਰੀ 'ਤੇ ਰੱਖਣ ਦੀ ਘੋਸ਼ਣਾ ਕੀਤੀ ਹੈ।  

ਇੰਨੀ ਹੋਵੇਗੀ ਤਨਖ਼ਾਹ
ਇਕ ਰਿਪੋਰਟ ਮੁਤਾਬਕ ਐੱਚ.ਸੀ.ਐੱਲ. ਟੈਕ ਦੇ ਐੱਚ.ਆਰ. ਹੈੱਡ ਵੀਵੀ ਅੱਪਾਰਾਵ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੈਂਪਸ ਪਲੇਸਮੈਂਟ ਦੀ ਰਫ਼ਤਾਰ ਪ੍ਰਭਾਵਿਤ ਹੋਈ ਹੈ। ਇਸ ਨੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਪੱਧਰ ਦੀ ਪੜ੍ਹਾਈ ਵਿਚ ਦੇਰੀ ਅਤੇ ਸੰਸਥਾਨਾਂ ਦੇ ਸਾਧਾਰਨ ਕੰਮਕਾਜ ਵਿਚ ਅੜਚਨ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਫਰੈਸ਼ਰਸ ਦੀ ਔਸਤ ਤਨਖ਼ਾਹ 3.5 ਲੱਖ ਰੁਪਏ ਰਹੇਗੀ। ਉਨ੍ਹਾਂ ਕਿਹਾ ਕਿ ਕੰਪਨੀ ਦੀ ਭਰਤੀ ਪ੍ਰਕਿਰਿਆ ਵਰਚੁਅਲ ਮੋਡ ਵਿਚ ਤਬਦਲੀ ਹੋ ਗਈ ਹੈ।  

ਕੰਪਨੀ ਦਾ ਮੁਨਾਫ਼ਾ 32 % ਵਧਿਆ
17 ਜੂਨ ਨੂੰ HCL ਤਕਨਾਲੋਜੀ ਨੇ ਜੂਨ ਤੀਮਾਹੀ ਦਾ ਨਤੀਜਾ ਜਾਰੀ ਕੀਤਾ ਸੀ। ਜੂਨ ਤੀਮਾਹੀ ਵਿਚ ਕੰਪਨੀ ਦਾ ਮੁਨਾਫ਼ਾ 31.70 ਫ਼ੀਸਦੀ ਵੱਧ ਕੇ 2,925 ਕਰੋੜ ਰੁਪਏ ਰਿਹਾ। ਕੰਪਨੀ ਨੇ ਇਕ ਸਾਲ ਪਹਿਲਾਂ ਦੀ ਜੂਨ ਤੀਮਾਹੀ ਵਿਚ 2220 ਕਰੋੜ ਰੁਪਏ ਮੁਨਾਫ਼ਾ ਕਮਾਇਆ ਸੀ। ਕੰਪਨੀ ਦਾ ਸ਼ੇਅਰ ਹੁਣ 52 ਹਫ਼ਤੇ ਦੇ ਉੱਚੇ ਪੱਧਰ ਦੇ ਕਰੀਬ ਟਰੈਂਡ ਕਰ ਰਿਹਾ ਹੈ।

ਰੋਸ਼ਨੀ ਨਾਡਾਰ ਬਣੀ HCL ਦੀ ਨਵੀਂ ਚੇਅਰਪਰਸਨ
ਤੀਮਾਹੀ ਨਤੀਜੇ ਦੇ ਨਾਲ ਹੀ ਮੈਨੇਜਮੈਂਟ ਵੱਲੋਂ ਘੋਸ਼ਣਾ ਕੀਤੀ ਗਈ ਕਿ ਹੁਣ ਸ਼ਿਵ ਨਾਡਾਰ ਕੰਪਨੀ ਦੇ ਚੇਅਰਪਰਸਨ ਨਹੀਂ ਰਹਿਣਗੇ। ਸ਼ਿਵ ਨਾਡਾਰ ਦੀ ਜਗ੍ਹਾ ਉਨ੍ਹਾਂ ਦੀ ਧੀ ਰੋਸ਼ਨੀ ਨਾਡਾਰ ਨੂੰ ਹੁਣ HCL ਟੈਕਨਾਲੋਜੀਜ਼ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਨੂੰ ਸੰਭਾਲਦੇ ਹੀ ਉਹ ਭਾਰਤ ਦੀ ਸਭ ਤੋਂ ਅਮੀਰ ਬੀਬੀ ਬਣ ਗਈ। ਦੱਸ ਦੇਈਏ ਕਿ ਰੋਸ਼ਨੀ ਨਾਡਾਰ ਦੀ ਉਮਰ ਸਿਰਫ਼ 38 ਸਾਲ ਹੈ। ਸ਼ਿਵ ਨਾਡਾਰ ਹੁਣ ਮੁੱਖ ਰਣਨੀਤੀ ਅਧਿਕਾਰੀ ਦੇ ਨਾਲ ਕੰਪਨੀ ਦੇ ਮੈਨੇਜਿੰਗ ਡਾਇਰੇਕਟਰ ਬਣੇ ਰਹਿਣਗੇ।


author

cherry

Content Editor

Related News