ਦਿੱਲੀ RML ਹਸਪਤਾਲ ਦੀ ਕੰਟੀਨ 'ਚ 4 ਕਰਮਚਾਰੀ ਕੋਰੋਨਾ ਪਾਜ਼ੇਟਿਵ
Thursday, May 14, 2020 - 05:01 PM (IST)
ਨਵੀਂ ਦਿੱਲੀ-ਦਿੱਲੀ ਦੇ ਰਾਮ ਮਨੋਹਰ ਲੋਹੀਆ (ਆਰ.ਐੱਮ.ਐੱਲ) ਹਸਪਤਾਲ ਦੀ ਬਿਲਡਿੰਗ ਦੇ ਅੰਦਰ ਇਕ ਕੰਟੀਨ 'ਚ ਕੰਮ ਕਰਨ ਵਾਲੇ 4 ਕਰਮਚਾਰੀਆਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਅਧਿਕਾਰਤ ਮਾਹਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਕੰਟੀਨ ਮੁੱਖ ਤੌਰ 'ਤੇ ਰੈਜੀਡੈਂਟ ਡਾਕਟਰਾਂ ਲਈ ਹੈ ਅਤੇ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਦੌਰਾਨ ਕਰਮਚਾਰੀਆਂ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮਾਹਰਾਂ ਮੁਤਾਬਕ ਇਕ ਕਰਮਚਾਰੀ 'ਚ ਲੱਛਣ ਮਿਲਣ ਤੋਂ ਬਾਅਦ ਉਸ ਦੀ ਅਤੇ 3 ਹੋਰ ਕਰਮਚਾਰੀਆਂ ਦੀ ਜਾਂਚ ਕੀਤੀ ਗਈ। ਮਾਹਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਜਾਂਚ ਦੇ ਨਤੀਜਿਆਂ 'ਚ ਅੱਜ ਭਾਵ ਵੀਰਵਾਰ ਨੂੰ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਹਸਪਤਾਲ ਦੇ 30 ਕਰਮਚਾਰੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।
ਦੱਸਣਯੋਗ ਹੈ ਕਿ ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 3722 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦਾ ਅੰਕੜਾ 78003 ਤੱਕ ਪਹੁੰਚ ਚੁੱਕਿਆ ਹੈ ਜਦਕਿ 134 ਲੋਕਾਂ ਦੀ ਮੌਤ ਹੋਣ ਕਾਰਨ 2549 ਲੋਕ ਇਸ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ। ਇਨ੍ਹਾਂ 'ਚੋਂ 26235 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਬੁਰਾ ਹਾਲ ਮਹਾਰਾਸ਼ਟਰ ਅਤੇ ਗੁਜਰਾਤ ਦਾ ਹੈ। ਮਹਾਰਾਸ਼ਟਰ 'ਚ ਪੀੜਤਾਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਸੂਬੇ ਕੋਰੋਨਾ ਵਾਇਰਸ ਦੇ ਹੁਣ ਤੱਕ 25922 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 975 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਸੂਬੇ 'ਚ 5547 ਲੋਕ ਠੀਕ ਵੀ ਹੋ ਚੁੱਕੇ ਹਨ।