ਜੈਸਲਮੇਰ ''ਚ ਮਿਲੇ ਪਾਕਿ ਹਮਲੇ ਦੇ ਸਬੂਤ! ਮਿਲੀ ਬੰਬ ਵਰਗੀ ਚੀਜ਼, ਪੁਲਸ ਨੇ ਇਲਾਕੇ ਦੀ ਕੀਤੀ ਘੇਰਾਬੰਦੀ
Friday, May 09, 2025 - 03:19 PM (IST)

ਜੈਪੁਰ- ਰਾਜਸਥਾਨ ਦੇ ਜੈਸਲਮੇਰ ਦੇ ਕਿਸ਼ਨਘਾਟ ਇਲਾਕੇ ਵਿਚ ਸ਼ੁੱਕਰਵਾਰ ਸਵੇਰੇ ਇਕ ਬੰਬ ਵਰਗੀ ਚੀਜ਼ ਮਿਲੀ, ਜਿਸ ਤੋਂ ਬਾਅਦ ਸਥਾਨਕ ਪੁਲਸ ਅਤੇ ਹਵਾਈ ਫ਼ੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਪੁਲਸ ਮੁਤਾਬਕ ਇਹ ਚੀਜ਼ ਕੋਤਵਾਲੀ ਥਾਣਾ ਖੇਤਰ ਦੇ ਅਧੀਨ ਕਿਸ਼ਨਘਾਟ ਦੇ ਸਾਹਮਣੇ ਸਥਿਤ ਜੋਗੀਆਂ ਦੀ ਕਾਲੋਨੀ 'ਚ ਇਕ ਨਰਸਰੀ ਦੇ ਕੋਲ ਪਈ ਮਿਲੀ।
ਕੋਤਵਾਲੀ ਪੁਲਸ ਸਟੇਸ਼ਨ ਦੇ ਅਧਿਕਾਰੀ ਪ੍ਰੇਮ ਦਾਨ ਨੇ ਕਿਹਾ ਕਿ ਇਹ ਬੰਬ ਵਰਗੀ ਵਸਤੂ ਲੱਗਦੀ ਹੈ ਅਤੇ ਫੌਜ ਦੇ ਮਾਹਰ ਇਸ ਨੂੰ ਨਕਾਰਾ ਕਰਨ ਲਈ ਕਿਸ਼ਨਘਾਟ ਗਏ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਬੰਬ ਵਰਗੀ ਵਸਤੂ ਕਿਸ ਹਾਲਤ 'ਚ ਹੈ, ਇਹ ਜ਼ਿੰਦਾ ਹੈ ਜਾਂ ਨਸ਼ਟ ਹੋ ਗਈ ਹੈ। ਸਥਾਨਕ ਨਿਵਾਸੀ ਅਰਜੁਨ ਨਾਥ ਨੇ ਇਹ ਬੰਬ ਵਰਗੀ ਚੀਜ਼ ਦੇਖੀ ਅਤੇ ਤੁਰੰਤ ਕਿਸ਼ਨਘਾਟ ਦੇ ਸਰਪੰਚ ਪ੍ਰਤੀਨਿਧੀ ਕਲਿਆਣ ਰਾਮ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਥਾਨਕ ਪੁਲਸ ਅਤੇ ਭਾਰਤੀ ਹਵਾਈ ਫ਼ੌਜ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਸਾਵਧਾਨੀ ਵਜੋਂ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਚੀਜ਼ ਵੀਰਵਾਰ ਰਾਤ ਲਗਭਗ 10.30 ਵਜੇ ਪਾਕਿਸਤਾਨ ਵੱਲੋਂ ਜੈਸਲਮੇਰ ਵੱਲ ਭੇਜੇ ਗਏ ਡਰੋਨ ਦੇ ਹਿੱਸਿਆਂ ਵਰਗੀ ਲੱਗ ਰਹੀ ਸੀ। ਹਾਲਾਂਕਿ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ। ਅਧਿਕਾਰੀਆਂ ਨੇ ਨਿਵਾਸੀਆਂ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਲਾਕੇ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।