ਕਾਪੀਰਾਈਟ ਉਲੰਘਣ ਮਾਮਲਾ, ਰਾਹੁਲ ਵਿਰੁੱਧ ਸ਼ਿਕਾਇਤ ਰੱਦ ਕਰਨ ਤੋਂ ਅਦਾਲਤ ਦੀ ਨਾਂਹ
Thursday, Jun 29, 2023 - 12:03 PM (IST)
ਬੈਂਗਲੂਰੂ, (ਭਾਸ਼ਾ)– ਕਰਨਾਟਕ ਹਾਈ ਕੋਰਟ ਨੇ ਹਿੱਟ ਫਿਲਮ ‘ਕੇਜੀਐੱਫ ਚੈਪਟਰ-2’ ਦੇ ਸੰਗੀਤ ਦੇ ਕਥਿਤ ਕਾਪੀਰਾਈਟ ਉਲੰਘਣ ਮਾਮਲੇ ’ਚ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ, ਜੈਰਾਮ ਰਮੇਸ਼ ਅਤੇ ਸੁਪ੍ਰੀਯਾ ਸ਼੍ਰੀਨੇਤ ਵਿਰੁੱਧ ਦਾਖਲ ਸ਼ਿਕਾਇਤ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐੱਮ. ਨਾਗਪ੍ਰਸੰਨਾ ਨੇ ਬੁੱਧਵਾਰ ਨੂੰ 3 ਕਾਂਗਰਸ ਨੇਤਾਵਾਂ ਵੱਲੋਂ ਦਾਖਲ ਪਟੀਸ਼ਨ ਖਾਰਿਜ ਕਰਦੇ ਹੋਏ ਇਹ ਫੈਸਲਾ ਸੁਣਾਇਆ।
ਲਹਿਰੀ ਮਿਊਜ਼ਿਕ ਦੀ ਸਹਿਯੋਗੀ ਕੰਪਨੀ ਐੱਮ. ਆਰ. ਟੀ. ਮਿਊਜ਼ਿਕ ਦੇ ਐੱਮ. ਨਵੀਨ ਕੁਮਾਰ ਨੇ ਬੈਂਗਲੂਰੂ ਦੇ ਯਸ਼ਵੰਤਪੁਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਾਂਗਰਸ ਪਾਰਟੀ ਨੇ ‘ਭਾਰਤ ਜੋੜੋ ਯਾਤਰਾ’ ਦੇ ਇਕ ਪ੍ਰਚਾਰ ਵੀਡੀਓ ’ਚ ਫਿਲਮ ਦੇ ਸੰਗੀਤ ਦੀ ਵਰਤੋਂ ਕੀਤੀ ਸੀ ਜਦਕਿ ਇਸ ’ਤੇ ਉਨ੍ਹਾਂ (ਕੁਮਾਰ ਦਾ) ਕਾਪੀਰਾਈਟ ਹੈ। ਸਿੰਗਲ ਬੈਂਚ ਨੇ ਪਟੀਸ਼ਨ ਖਾਰਿਜ ਕਰਦੇ ਹੋਏ ਆਪਣੇ ਹੁਕਮ ’ਚ ਕਿਹਾ,‘ਅਜਿਹਾ ਲੱਗਦਾ ਹੈ ਕਿ ਪਟੀਸ਼ਨਕਰਤਾਵਾਂ ਨੇ ਬਿਨਾ ਇਜਾਜ਼ਤ ਦੇ ਸੋਰਸ ਕੋਡ ਨਾਲ ਛੇੜਛਾੜ ਕੀਤੀ ਹੈ, ਜੋ ਬਿਨਾ ਸ਼ੱਕ ਕੰਪਨੀ ਦੇ ਕਾਪੀਰਾਈਟ ਦੀ ਉਲੰਘਣਾ ਹੋਵੇਗਾ। ਅਜਿਹਾ ਲੱਗਦਾ ਹੈ ਕਿ ਪਟੀਸ਼ਨਕਰਤਾਵਾਂ ਨੇ ਕੰਪਨੀ ਦੇ ਕਾਪੀਰਾਈਟ ਨੂੰ ਹਲਕੇ ’ਚ ਲਿਆ ਹੈ। ਇਸ ਲਈ ਪਹਿਲੀ ਨਜ਼ਰੇ ਜਾਂਚ ’ਚ ਸਬੂਤ ਦੇ ਤੌਰ ’ਤੇ ਇਨ੍ਹਾਂ ਸਾਰਿਆਂ ਨੂੰ ਖਾਰਿਜ ਕਰ ਦਿੱਤਾ ਜਾਣਾ ਚਾਹੀਦਾ।’