ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲਿਆਂ ’ਚ ਦੋਸ਼ਸਿੱਧੀ ਨਾ ਦੇ ਬਰਾਬਰ
Thursday, Feb 20, 2025 - 01:01 AM (IST)

ਨੈਸ਼ਨਲ ਡੈਸਕ- ਪਿਛਲੇ 6 ਸਾਲਾਂ ’ਚ ਪੂਰੇ ਦੇਸ਼ ’ਚ ਕੁੱਲ 71 ਲੱਖ ਕਿਲੋ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਅੰਤਰਰਾਸ਼ਟਰੀ ਬਾਜ਼ਾਰ ’ਚ ਇਨ੍ਹਾਂ ਦੀ ਕੀਮਤ 103 ਲੱਖ ਕਰੋੜ ਰੁਪਏ ਤੋਂ ਵੱਧ ਹੈ। ਲੱਗਭਗ 6 ਲੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਹਾਲਾਂਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਜਾਂਚ ਏਜੰਸੀਆਂ ਕੁੱਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ ਇਕ ਫੀਸਦੀ ਤੋਂ ਵੀ ਘੱਟ ਵਿਰੁੱਧ ਦੋਸ਼ ਸਾਬਤ ਕਰ ਸਕੀਆਂ।
ਕੇਂਦਰੀ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਵੱਖ-ਵੱਖ ਏਜੰਸੀਆਂ ਨੇ 2019 ਤੋਂ 2024 ਦਰਮਿਆਨ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਹੇਠ 5 ਲੱਖ 94 ਹਜ਼ਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਪਰ ਸਿਰਫ਼ 429 ਨੂੰ ਹੀ ਦੋਸ਼ੀ ਠਹਿਰਾਇਆ ਗਿਆ, ਜੋ ਕੁੱਲ ਗ੍ਰਿਫ਼ਤਾਰੀਆਂ ਦਾ ਸਿਰਫ਼ 0.072 ਫੀਸਦੀ ਹੈ।
ਸ਼ਰਾਬਬੰਦੀ ਵਾਲੇ ਸੂਬੇ ਬਿਹਾਰ ’ਚ ਸਭ ਤੋਂ ਵੱਧ 53 ਸਮੱਗਲਰਾਂ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਤੋਂ ਬਾਅਦ ਤਾਮਿਲਨਾਡੂ ’ਚ 49, ਉੱਤਰ ਪ੍ਰਦੇਸ਼ ’ਚ 45 ਤੇ ਮੱਧ ਪ੍ਰਦੇਸ਼ ’ਚ 32 ਸਮੱਗਲਰਾਂ ਨੂੰ ਦੋਸ਼ੀ ਪਾਇਆ ਗਿਆ।
ਕੇਰਲ ’ਚ ਸਭ ਤੋਂ ਵੱਧ 1. 11 ਲੱਖ ਗ੍ਰਿਫ਼ਤਾਰੀਆਂ ਹੋਈਆਂ ਪਰ ਸਿਰਫ਼ 5 ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਇਸ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਹੈ ਜਿੱਥੇ 81,480 ਮੁਲਜ਼ਮਾਂ ’ਚੋਂ ਸਿਰਫ਼ 22 ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ।
ਉੱਤਰ ਪ੍ਰਦੇਸ਼ ’ਚ 55,220 ਵਿਅਕਤੀਆਂ ’ਚੋਂ 45 ਨੂੰ ਦੋਸ਼ੀ ਗਰਦਾਨਿਆ ਗਿਆ। ਮਹਾਰਾਸ਼ਟਰ ’ਚ 40,135 ’ਚੋਂ 9 ਨੂੰ ਤੇ ਮੱਧ ਪ੍ਰਦੇਸ਼ ’ਚ 32 ਨੂੰ ਦੋਸ਼ੀ ਠਹਿਰਾਇਆ ਗਿਆ ਜਦ ਕਿ ਇੱਥੇ ਗ੍ਰਿਫ਼ਤਾਰੀਆਂ 29,477 ਹੋਈਆਂ ਸਨ।
ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ। 2019 ’ਚ 74,620 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਸਨ ਜੋ 2023 ’ਚ ਵਧ ਕੇ ਲਗਭਗ 1.33 ਲੱਖ ਹੋ ਗਏ। ਇਸ ਸਮੇਂ ਦੌਰਾਨ ਸਿਰਫ 2020 ’ਚ ਥੋੜ੍ਹੀ ਜਿਹੀ ਗਿਰਾਵਟ ਆਈ ਸੀ।