ਵੈੱਬਸੀਰੀਜ਼ 'ਤਾਂਡਵ' ਨੂੰ ਲੈ ਕੇ ਭਖਿਆ ਵਿਵਾਦ, ਬੈਨ ਕਰਨ ਦੀ ਮੰਗ

01/17/2021 10:41:04 PM

ਮੁੰਬਈ (ਏ.ਐੱਨ.ਆਈ.)- ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬਸੀਰੀਜ਼ 'ਤਾਂਡਵ' ਨੂੰ ਲੈ ਕੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਇਸ ਵੈੱਬਸੀਰੀਜ਼ ਦੇ ਨਿਰਮਾਤਾਵਾਂ 'ਤੇ ਭਗਵਾਨ ਰਾਮ, ਨਾਰਦ ਅਤੇ ਸ਼ਿਵ ਦੇ ਅਪਮਾਨ ਦੇ ਦੋਸ਼ ਲੱਗ ਰਹੇ ਹਨ। ਇਸ ਪਿੱਛੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਇਸ ਨੂੰ ਬੈਨ ਕਰਨ ਦੀ ਮੰਗ ਉਠ ਰਹੀ ਹੈ। 
ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ 'ਤਾਂਡਵ' ਵਿਰੁੱਧ ਚਿੱਠੀ ਲਿਖੀ ਹੈ। ਮਹਾਰਾਸ਼ਟਰ ਭਾਜਪਾ ਦੇ ਵਿਧਾਇਕ ਰਾਮ ਕਦਮ ਨੇ ਮੁੰਬਈ ਦੇ ਘਾਟਕੋਪਰ ਪੁਲਸ ਸਟੇਸ਼ਨ ਵਿਚ ਇਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।
ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਮੁਤਾਬਕ 'ਤਾਂਡਵ' ਵੈੱਬਸੀਰੀਜ਼ ਵਿਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਓ. ਟੀ. ਟੀ. ਪਲੇਟਫਾਰਮਾਂ ਦੇ ਪੂਰੀ ਤਰ੍ਹਾਂ ਸੈਂਸਰਸ਼ਿਪ ਤੋਂ ਮੁਕਤ ਹੋਣ ਕਾਰਣ ਵਾਰ-ਵਾਰ ਹਿੰਦੂ ਭਾਵਨਾਵਾਂ 'ਤੇ ਹਮਲੇ ਹੋਏ ਹਨ, ਜਿਸ ਦੀ ਮੈਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਓ. ਟੀ. ਟੀ. ਨੂੰ ਭਾਰਤ ਦੀ ਅਖੰਡਤਾ ਦੇ ਹਿੱਤਾਂ ਵਿਚ ਸ਼ਾਮਲ ਕੀਤਾ ਜਾਵੇ। ਭਾਜਪਾ ਦੇ ਵਿਧਾਇਕ ਰਾਮ ਕਦਮ ਨੇ ਵੈੱਬਸੀਰੀਜ਼ ਦੇ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਹੀ ਨਹੀਂ, ਕਈ ਭਾਜਪਾ ਆਗੂਆਂ ਨੇ ਇਸ ਸੀਰੀਜ਼ 'ਤੇ ਪਾਬੰਦੀ ਲਾਉਣ ਦੀ ਵੀ ਮੰਗ ਕੀਤੀ। ਦਿੱਲੀ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਨੇ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ,'ਤਾਂਡਵ' ਦਲਿਤ ਵਿਰੋਧੀ ਅਤੇ ਹਿੰਦੂਆਂ ਵਿਰੁੱਧ ਫਿਰਕੂ ਨਫਰਤ ਨਾਲ ਭਰੀ ਹੈ। ਦਿੱਲੀ ਭਾਜਪਾ ਦੇ ਨੇਤਾ ਨਰਿੰਦਰ ਕੁਮਾਰ ਚਾਵਲਾ ਨੇ ਆਪਣੀ ਪੋਸਟ ਵਿਚ ਲਿਖਿਆ ਹੈ-'ਇਹ ਟ੍ਰੈਂਡ ਦੇਖਣ ਪਿੱਛੋਂ ਮੈਂ ਵੀ 'ਤਾਂਡਵ' 'ਤੇ ਪਾਬੰਦੀ ਲਾਉਣ ਦੀ ਮੰਗ ਕਰਦਾ ਹਾਂ।'

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News