ਕੋਰੋਨਾ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ''ਚ ਲਗਾਤਾਰ ਹੋ ਰਿਹਾ ਇਜਾਫਾ

05/15/2020 7:30:49 PM

ਨਵੀਂ ਦਿੱਲੀ (ਵਾਰਤਾ)— ਦੇਸ਼ 'ਚ ਲਾਕਡਾਊਨ ਤੋਂ ਪਹਿਲਾਂ ਕੋਰੋਨਾ ਵਾਇਰਸ 'ਕੋਵਿਡ-19' ਤੋਂ ਪੀੜਤ ਮਾਮਲਿਆਂ ਦੀ ਮੌਤ ਦਰ 3.2 ਫੀਸਦੀ ਸੀ ਜੋ ਕਿ ਪਿਛਲੇ ਹਫਤੇ ਘੱਟ ਕੇ 2.1 ਫੀਸਦੀ ਰਹਿ ਗਈ ਹੈ। ਇਸ ਦੌਰਾਨ ਪੀੜਤਾਂ ਮਰੀਜ਼ਾਂ ਦੇ ਦੁੱਗਣਾ ਹੋਣ ਦੀ ਦਰ 3.4 ਦਿਨਾਂ ਤੋਂ ਵੱਧ ਕੇ 12.9 ਦਿਨ ਹੋ ਗਈ ਹੈ। ਇਸ ਦੌਰਾਨ ਇਕ ਚੰਗੀ ਗੱਲ ਇਹ ਵੀ ਰਹੀ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ ਅਤੇ ਇਹ ਦਰ 34.06 ਫੀਸਦੀ ਹੋ ਗਈ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਦੀ ਪ੍ਰਧਾਨਗੀ ਵਿਚ ਸ਼ੁੱਕਰਵਾਰ ਨੂੰ ਨਿਰਮਾਣ ਭਵਨ 'ਚ ਮੰਤਰੀ ਸਮੂਹ ਦੀ 15ਵੀਂ ਉੱਚ ਪੱਧਰੀ ਬੈਠਕ ਹੋਈ, ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਇਸ ਨਾਲ ਨਜਿੱਠਣ ਦੀ ਦੇਸ਼ ਦੀ ਤਿਆਰੀਆਂ ਦਾ ਵਿਸਥਾਰ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ, ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਗ੍ਰਹਿ ਰਾਜ ਮੰਤਰੀ ਨਿਤਿਯਾਨੰਦ ਰਾਏ, ਜਹਾਜ਼ਰਾਣੀ ਅਤੇ ਖਾਧ ਮਾਮਲਿਆਂ ਦੇ ਰਾਜ ਮੰਤਰੀ ਮਨਸੁਖ ਲਾਲ ਮਾਂਡਵੀਆ, ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਅਤੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਨ ਵੀ ਮੌਜੂਦ ਸਨ।

ਮੰਤਰੀ ਸਮੂਹ ਨੂੰ ਦੁਨੀਆ ਅਤੇ ਦੇਸ਼ 'ਚ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਜਿਸ ਵਿਚ ਦੱਸਿਆ ਗਿਆ ਕਿ ਦੁਨੀਆ ਵਿਚ ਕੋਰੋਨਾ ਦੇ 42,48,389 ਪਾਜ਼ੇਟਿਵ ਮਾਮਲੇ ਹਨ ਅਤੇ ਇਸ ਨਾਲ 2,94,046 ਲੋਕਾਂ ਦੀ ਮੌਤ ਹੋਈ ਹੈ ਅਤੇ ਗਲੋਬਲ ਪੱਧਰ 'ਤੇ ਮੌਤ ਦਰ 6.92 ਫੀਸਦੀ ਹੈ। ਭਾਰਤ ਵਿਚ ਕੋਰੋਨਾ ਪਾਜ਼ੇਟਿਵ ਮਾਮਲੇ 81,970 ਹੈ ਅਤੇ ਹੁਣ ਤੱਕ 2,649 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਹੁਣ ਤੱਕ 27,920 ਲੋਕ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ ਅਤੇ ਰਿਕਵਰੀ ਦਰ ਵੱਧ ਕੇ 34.06 ਫੀਸਦੀ ਹੋ ਗਈ ਹੈ।


Tanu

Content Editor

Related News