ਪੀ. ਐੱਮ. ਮੋਦੀ ਅਤੇ ਕੇਜਰੀਵਾਲ ਸਮੇਤ ਕਈ ਨੇਤਾਵਾਂ ’ਤੇ ਹਮਲੇ ਦੀ ਸਾਜ਼ਿਸ਼
Monday, Jan 20, 2025 - 06:20 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਦਿੱਲੀ ਪੁਲਸ ਨੂੰ ਇਨਪੁਟ ਮਿਲੇ ਹਨ ਕਿ ਗੈਰ-ਸਮਾਜੀ ਤੱਤ ਅਤੇ ਪਾਬੰਦੀਸ਼ੁਦਾ ਸੰਗਠਨ ਰਾਜਧਾਨੀ ਦਿੱਲੀ ਦੀਆਂ ਚੋਣਾਂ ’ਚ ਖਲਲ ਪਾ ਸਕਦੇ ਹਨ। ਇਹੀ ਨਹੀਂ, ਇਸ ਦੌਰਾਨ ਤਿੰਨਾਂ ਵੱਡੀਆਂ ਰਾਜਨੀਤਕ ਪਾਰਟੀਆਂ ਭਾਜਪਾ, ‘ਆਪ’ ਅਤੇ ਕਾਂਗਰਸ ਦੇ ਵੱਡੇ ਨੇਤਾਵਾਂ ’ਤੇ ਹਮਲਾ ਹੋ ਸਕਦਾ ਹੈ। ਇਸ ਗੱਲ ਦਾ ਇਨਪੁਟ ਆਈ. ਬੀ. ਨੇ ਦਿੱਤਾ ਹੈ। ਆਈ. ਬੀ. ਮੁਤਾਬਕ ਇਹ ਹਮਲਾ ਅੱਤਵਾਦੀ ਵੀ ਹੋ ਸਕਦਾ ਹੈ, ਜਿਨ੍ਹਾਂ ਨੇਤਾਵਾਂ ’ਤੇ ਹਮਲਾ ਹੋਣ ਦੇ ਇਨਪੁਟ ਮਿਲੇ ਹਨ, ਉਨ੍ਹਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ 12 ਨੇਤਾ ਸ਼ਾਮਲ ਹਨ।
ਇਨਪੁਟ ਤੋਂ ਬਾਅਦ ਇਨ੍ਹਾਂ ਨੇਤਾਵਾਂ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਗਿਆ ਹੈ। ਨਾਲ ਹੀ, ਦਿੱਲੀ ਦੇ ਸਾਰੇ ਉਮੀਦਵਾਰਾਂ ਨੂੰ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਰੈਲੀਆਂ ’ਚ ਸੁਰੱਖਿਆ ਵਧਾਉਣ ਦੇ ਨਾਲ-ਨਾਲ ਸਾਦਾ ਵਰਦੀ ’ਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ। ਪੁਲਸ ਨੂੰ ਨੇਤਾਵਾਂ ਦੀ ਸੁਰੱਖਿਆ ਦੇ ਨਾਲ-ਨਾਲ ਚੋਣ ਰੈਲੀਆਂ ਅਤੇ ਘਰ-ਘਰ ਪ੍ਰਚਾਰ ਮੁਹਿੰਮ ਤਹਿਤ ਵਿਸ਼ੇਸ਼ ਨਜ਼ਰ ਰੱਖਣ ਲਈ ਕਿਹਾ ਗਿਆ ਹੈ।