''ਬਾਕਸਿੰਗ ਰਿੰਗ'' ’ਚ ਉਤਰਨਗੇ ਰਾਹੁਲ ਗਾਂਧੀ, ਨਿਸ਼ਾਨੇ ’ਤੇ ਕੇਜਰੀਵਾਲ

Thursday, Jan 16, 2025 - 03:26 PM (IST)

''ਬਾਕਸਿੰਗ ਰਿੰਗ'' ’ਚ ਉਤਰਨਗੇ ਰਾਹੁਲ ਗਾਂਧੀ, ਨਿਸ਼ਾਨੇ ’ਤੇ ਕੇਜਰੀਵਾਲ

ਨਵੀਂ ਦਿੱਲੀ (ਵਿਸ਼ੇਸ਼)- ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਕੋਈ ਗੂੜ੍ਹਾ ਪਿਆਰ ਨਹੀਂ ਹੈ। ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਵਿਚਕਾਰ ਵੀ ਇਹੀ ਸਮੀਕਰਨ ਹੈ। ਦੋਵਾਂ ਦੀਆਂ ਪਾਰਟੀਆਂ ਦੇ ਦਰਮਿਆਨ ਮੁੱਖ ਮੁਕਾਬਲਾ ਇਹ ਹੈ ਕਿ ਦਿੱਲੀ ਅਤੇ ਪੰਜਾਬ ਸੂਬਿਆਂ ਤੋਂ ਆਮ ਆਦਮੀ ਪਾਰਟੀ ਨੇ ਹੀ ਕਾਂਗਰਸ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਇਸ ਤੋਂ ਇਲਾਵਾ ਵਧੇਰੇ ਕਾਂਗਰਸੀ ਨੇਤਾਵਾਂ ਦੇ ਵਾਂਗ ਰਾਹੁਲ ਗਾਂਧੀ ਵੀ ਮੰਨਦੇ ਹਨ ਕਿ ਕੇਜਰੀਵਾਲ ਉਸੇ ਅੰਨਾ ਹਜ਼ਾਰੇ ਅੰਦੋਲਨ ਦਾ ਹਿੱਸਾ ਹਨ ਜਿਸ ਕਾਰਨ ਕਾਂਗਰਸ ਰਾਸ਼ਟਰੀ ਪੱਧਰ ’ਤੇ ਢਹਿ-ਢੇਰੀ ਹੋਈ।

ਸਾਲ 2022 ’ਚ ਪੰਜਾਬ ਵਿਚ ਚੋਣਾਂ ਲਈ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ‘ਆਪ’ ਮੁਖੀ ਕੇਜਰੀਵਾਲ ’ਤੇ ਦੋਸ਼ ਲਗਾਇਆ ਸੀ ਕਿ ਉਹ ਅੱਤਵਾਦੀਆਂ ਦੇ ਘਰਾਂ ਵਿਚ ਠਹਿਰਦੇ ਹਨ। ਹਾਲਾਂਕਿ ਇਸ ਸਭ ਦੇ ਬਾਵਜੂਦ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕੇਜਰੀਵਾਲ ਅਤੇ ਰਾਹੁਲ ਗਾਂਧੀ ਦੋਵੇਂ ਆਪਣੇ ਸਾਂਝੇ ਦੁਸ਼ਮਣ ਭਾਜਪਾ ਦੇ ਵਿਰੁੱਧ ਇਕਜੁੱਟ ਹਨ। ਜਦੋਂ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਖਤਮ ਕੀਤੀ ਗਈ ਸੀ ਤਾਂ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਸਖ਼ਤ ਨਿੰਦਾ ਕੀਤੀ ਸੀ। ਇਸੇ ਤਰ੍ਹਾਂ ਜਦੋਂ ਕੇਜਰੀਵਾਲ ਨੂੰ ਜੇਲ ’ਚ ਸੁੱਟਿਆ ਗਿਆ ਤਾਂ ਰਾਹੁਲ ਗਾਂਧੀ ਨੇ ਭਾਜਪਾ ਦੀ ਨਿੰਦਾ ਕੀਤੀ। ਇਸ ਦੇ ਬਾਵਜੂਦ ਦੋਵੇਂ ਨੇਤਾ 'ਇੰਡੀਆ ਗਠਜੋੜ' ਦੀਆਂ ਮੀਟਿੰਗਾਂ ਤੋਂ ਇਲਾਵਾ ਕਿਤੇ ਵੀ ਸਟੇਜ ਸਾਂਝੀ ਕਰਦੇ ਦਿਖਾਈ ਨਹੀਂ ਦਿੱਤੇ।

ਰਾਹੁਲ ਗਾਂਧੀ ਨੇ ਹੁਣ ਕੇਜਰੀਵਾਲ ’ਤੇ ਹਮਲੇ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਰਾਹੁਲ ਦੇ ਬਿਆਨ ਨੇ ਉਨ੍ਹਾਂ ਕਾਂਗਰਸੀਆਂ ਵਿਚ ਵੀ ਜੋਸ਼ ਨਾਲ ਭਰ ਦਿੱਤਾ ਹੈ ਜੋ ਸਾਲਾਂ ਤੋਂ ਚੁੱਪ ਸਨ। ਇਹ ਕਾਂਗਰਸੀ ਕਿਸੇ ਵੀ ਹਾਲਤ ਵਿਚ ‘ਆਪ’ ਦੀ ਬੇੜੀ 'ਤੇ ਸਵਾਰ ਨਹੀਂ ਹੋਣਾ ਚਾਹੁੰਦੇ ਪਰ ਰਾਹੁਲ ਦੇ ਬਿਆਨ ਨੇ ਇੰਡੀਆ ਗੱਠਜੋੜ ਦੀਆਂ ਹੋਰ ਪਾਰਟੀਆਂ ਲਈ ਦੁਚਿੱਤੀ ਪੈਦਾ ਕਰ ਦਿੱਤੀ। ਇਸੇ ਕਰ ਕੇ ਸਮਾਜਵਾਦੀ ਪਾਰਟੀ, ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਨੇ ਦਿੱਲੀ ਵਿਚ 'ਆਪ' ਦਾ ਸਮਰਥਨ ਕਰ ਦਿੱਤਾ ਹੈ। 2021 ਵਿਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਦੀ ਆਲੋਚਨਾ ਕਰਨ ਵਾਲੇ ਰਾਹੁਲ ਗਾਂਧੀ ਨੇ ਕੇਰਲ ਚੋਣਾਂ ਵਿਚ ਪਿਨਾਰਾਈ ਵਿਜਯਨ ਦੀ ਵੀ ਖੂਬ ਆਲੋਚਨਾ ਕੀਤੀ। ਇਸ ਦੇ ਬਾਵਜੂਦ ਉਹ ਲੋਕ ਸਭਾ ਚੋਣਾਂ ਵਿਚ ਖੱਬੇ ਪੱਖੀ ਪਾਰਟੀਆਂ ਅਤੇ ਤ੍ਰਿਣਮੂਲ ਕਾਂਗਰਸ ਨਾਲ ਇੰਡੀਆ ਗੱਠਜੋੜ ਵਿਚ ਰਹੇ।

ਹੁਣ ਦਿੱਲੀ ਵਿਚ ‘ਆਪ’ ਅਤੇ ਕਾਂਗਰਸ ਆਹਮੋ-ਸਾਹਮਣੇ ਹਨ। ਕਾਂਗਰਸ ਲੀਡਰਸ਼ਿਪ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਦੇਸ਼ ਦੀ ਰਾਜਧਾਨੀ ਵਿਚ ਉਸ ਦੀ ਸਾਰੀ ਤਰੱਕੀ ‘ਆਪ’ ਦੀ ਕੀਮਤ ’ਤੇ ਹੀ ਹੋਵੇਗੀ। ਕਾਂਗਰਸ 2013 ਵਿਚ ਦਿੱਲੀ ਵਿਚ ਹਾਰੀ ਸੀ ਅਤੇ ਉਦੋਂ ਤੋਂ ਸੱਤਾ ਤੋਂ ਬਾਹਰ ਹੈ। ਉਦੋਂ ਤੋਂ ਦਿੱਲੀ ਵਿਚ ਕਈ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹੋਈਆਂ ਹਨ ਅਤੇ ਕਾਂਗਰਸ ਨੇ ਉਨ੍ਹਾਂ ਵਿਚ ਇਕ ਵੀ ਸੀਟ ਨਹੀਂ ਜਿੱਤੀ ਹੈ।
ਸਾਲ 2013 ਵਿਚ ਕਾਂਗਰਸ ਨੇ ਹੋਰ ਸੂਬੇ ਵੀ ਗੁਆਏ। ਇਨ੍ਹਾਂ ਵਿਚ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਹਨ। ਸਾਲ 2022 ਵਿਚ ਆਮ ਆਦਮੀ ਪਾਰਟੀ ਨੇ ਪੰਜਾਬ ’ਚੋਂ ਕਾਂਗਰਸ ਨੂੰ ਬਾਹਰ ਕੱਢ ਕੇ ਇਕ ਹੋਰ ਸੂਬਾ ਖੋਹ ਲਿਆ। ਰਾਹੁਲ ਨੇ ਦਿੱਲੀ ਚੋਣ ਪ੍ਰਚਾਰ ਦੀ ਆਪਣੀ ਪਹਿਲੀ ਰੈਲੀ ਵਿਚ ਕੇਜਰੀਵਾਲ ਦੀ ਤੁਲਨਾ ਨਰਿੰਦਰ ਮੋਦੀ ਨਾਲ ਕੀਤੀ। ਉਨ੍ਹਾਂ ਨੇ ਇਕ ਵੀਡੀਓ ਪਾ ਕੇ ‘ਆਪ’ ਮੁਖੀ ਦੇ ਵਾਅਦੇ ਦਾ ਮਜ਼ਾਕ ਉਡਾਇਆ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਦਿੱਲੀ ਨੂੰ ਪੈਰਿਸ ਅਤੇ ਲੰਡਨ ਜਿੰਨਾ ਸੁੰਦਰ ਬਣਾ ਦੇਣਗੇ।

ਕਾਂਗਰਸ ਹਕੀਕਤ ਤੋਂ ਜਾਣੂ

ਕਾਂਗਰਸ ਪਾਰਟੀ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਉਹ ਦਿੱਲੀ ਅਤੇ ਪੰਜਾਬ ਵਿਚ ‘ਆਪ’ ਦੇ ਨਾਲ, ਕੇਰਲ ਵਿਚ ਭਾਕਪਾ ਦੇ ਨਾਲ ਅਤੇ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੀ। ਕਾਂਗਰਸ ਦਾ ਤਰਕ ਹੈ ਕਿ ਇੰਡੀਆ ਬਲਾਕ ਦਾ ਗਠਨ ਰਾਸ਼ਟਰੀ ਪੱਧਰ 'ਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਕੀਤਾ ਗਿਆ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇੰਡੀਆ ਬਲਾਕ ਗੱਠਜੋੜ ਅਗਲੀਆਂ ਲੋਕ ਸਭਾ ਚੋਣਾਂ ਤੱਕ ਕਾਇਮ ਰਹੇਗਾ ਜਾਂ ਉਸ ਤੋਂ ਪਹਿਲਾਂ ਹੀ ਟੁੱਟ ਜਾਵੇਗਾ। ਇਸ ਸਾਲ ਦੇ ਅੰਤ ਤੱਕ ਬਿਹਾਰ ਵਿਚ ਚੋਣਾਂ ਹੋਣੀਆਂ ਹਨ, ਕੀ ਉੱਥੇ ਰਾਜਦ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਰਲ ਕੇ ਚੋਣਾਂ ਲੜਨਗੀਆਂ।


author

Tanu

Content Editor

Related News