ਹਰਿਆਣਾ ’ਚ ਰਚੀ ਗਈ ਸੀ ਭੀਮ ਆਰਮੀ ਮੁਖੀ ’ਤੇ ਹਮਲੇ ਦੀ ਸਾਜ਼ਿਸ਼, 4 ਮੁਲਜ਼ਮ ਗ੍ਰਿਫ਼ਤਾਰ
Sunday, Jul 02, 2023 - 06:02 PM (IST)
ਅੰਬਾਲਾ (ਪੰਕੇਸ)- ਅੰਬਾਲਾ ਐੱਸ.ਟੀ.ਐੱਫ. ਦੀ ਚੁਸਤ ਟੀਮ ਨੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ’ਤੇ ਹਮਲਾ ਕਰਨ ਵਾਲੇ 4 ਮੁਲਜ਼ਮਾਂ ਨੂੰ ਆਤਮ ਸਮਰਪਣ ਕਰਨ ਤੋਂ ਪਹਿਲਾਂ ਹੀ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਸ਼ਹਿਜ਼ਾਦਪੁਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਪਿੱਛੋਂ ਪੁਲਸ ਪਾਰਟੀ ਮੁਲਜ਼ਮਾਂ ਨੂੰ ਨਾਲ ਲੈ ਗਈ। ਚੰਦਰਸ਼ੇਖਰ ’ਤੇ ਹਮਲੇ ਦੀ ਸਾਜ਼ਿਸ਼ ਹਰਿਆਣਾ ’ਚ ਹੀ ਰਚੀ ਗਈ ਸੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਪੁਲਸ ਦੀਆਂ ਕਈ ਪਾਰਟੀਆਂ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪਿਛਲੇ 2-3 ਦਿਨਾਂ ਤੋਂ ਹਰਿਆਣਾ ਵਿਚ ਸਰਗਰਮ ਸਨ। ਸਪੈਸ਼ਲ ਟਾਸਕ ਫੋਰਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਯੂ.ਪੀ. ਪੁਲਸ ਦੇ ਹਵਾਲੇ ਕਰ ਦਿੱਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਸ਼ਾਂਤ, ਲਵੀਸ਼ ਅਤੇ ਵਿਕਾਸ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਦੇਵਬੰਦ ਦੇ ਪਿੰਡ ਰਣਖੰਡੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਚੌਥਾ ਮੁਲਜ਼ਮ ਵਿਕਾਸ ਕਰਨਾਲ ਦਾ ਰਹਿਣ ਵਾਲਾ ਹੈ। ਚਾਰਾਂ ਦੀ ਉਮਰ 20 ਤੋਂ 22 ਸਾਲ ਦਰਮਿਆਨ ਦੱਸੀ ਜਾ ਰਹੀ ਹੈ।
ਚੰਦਰਸ਼ੇਖਰ ’ਤੇ ਹਮਲੇ ਦਾ ਅੰਬਾਲਾ ਕਨੈਕਸ਼ਨ
ਚੰਦਰਸ਼ੇਖਰ ’ਤੇ ਹਮਲਾ ਕਰਨ ਲਈ ਅੰਬਾਲਾ ਤੋਂ ਮੁਲਜ਼ਮਾਂ ਨੂੰ ਕਾਰ ਮੁਹੱਈਆ ਕਰਵਾਈ ਗਈ ਸੀ। ਹਮਲਾਵਰ ਚੰਦਰਸ਼ੇਖਰ ’ਤੇ ਹਮਲਾ ਕਰਨ ਲਈ ਇੱਥੋਂ ਯੂ.ਪੀ. ਚਲੇ ਗਏ। ਹਮਲਾਵਰਾਂ ਨੂੰ ਕਾਰ ਮੁਹੱਈਆ ਕਰਵਾਉਣ ਵਾਲਾ ਮੁਲਜ਼ਮ ਪਹਿਲਾਂ ਹੀ ਉੱਤਰ ਪ੍ਰਦੇਸ਼ ਪੁਲਸ ਦੀ ਹਿਰਾਸਤ ਵਿੱਚ ਹੈ।