ਮਮਤਾ ਦਾ ਵੱਡਾ ਦੋਸ਼, ਪੱਛਮੀ ਬੰਗਾਲ ’ਚ BSF ਕਰਵਾ ਰਹੀ ਘੁਸਪੈਠ

Friday, Jan 03, 2025 - 12:22 AM (IST)

ਮਮਤਾ ਦਾ ਵੱਡਾ ਦੋਸ਼, ਪੱਛਮੀ ਬੰਗਾਲ ’ਚ BSF ਕਰਵਾ ਰਹੀ ਘੁਸਪੈਠ

ਕੋਲਕਾਤਾ, (ਭਾਸ਼ਾ)– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ’ਤੇ ਸੂਬੇ ਨੂੰ ਅਸਥਿਰ ਕਰਨ ਲਈ ਕੇਂਦਰ ਸਰਕਾਰ ਦੇ ‘ਬਲਿਊ ਪ੍ਰਿੰਟ’ ਤਹਿਤ ਬੰਗਲਾਦੇਸ਼ ਤੋਂ ਘੁਸਪੈਠ ਕਰਾਉਣ ਦਾ ਦੋਸ਼ ਲਾਇਆ ਹੈ। ਸੂਬਾ ਸਕੱਤਰੇਤ ’ਚ ਇਕ ਪ੍ਰਸ਼ਾਸਨਿਕ ਸਮੀਖਿਆ ਬੈਠਕ ’ਚ ਮਮਤਾ ਨੇ ਦੋਸ਼ ਲਾਇਆ ਕਿ ਬੀ. ਐੱਸ. ਐੱਫ. ਇਸਲਾਮਪੁਰ, ਸਿਤਾਈ ਤੇ ਚੋਪੜਾ ਵਰਗੇ ਇਲਾਕਿਆਂ ’ਚੋਂ ਪੱਛਮੀ ਬੰਗਾਲ ’ਚ ਘੁਸਪੈਠੀਆਂ ਨੂੰ ਦਾਖਲ ਹੋਣ ਦੇ ਰਹੀ ਹੈ। ਇਹ ਸੂਬੇ ਨੂੰ ਅਸਥਿਰ ਕਰਨ ਦਾ ਇਕ ਜਾਣ-ਬੁੱਝ ਕੇ ਕੀਤਾ ਗਿਆ ਯਤਨ ਹੈ, ਜਿਸ ਵਿਚ ਕੇਂਦਰ ਸਰਕਾਰ ਦੀ ਡੂੰਘੀ ਸਾਜ਼ਿਸ਼ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੀ. ਐੱਸ. ਐੱਫ. ਦੇ ਇਸ ਰਵੱਈਏ ਪਿੱਛੇ ‘ਕੇਂਦਰ ਦਾ ਬਲਿਊ ਪ੍ਰਿੰਟ’ ਨਜ਼ਰ ਆ ਰਿਹਾ ਹੈ। ਮਮਤਾ ਨੇ ਕਿਹਾ,‘‘ਗੁੰਡੇ ਭਾਰਤ ਵਿਚ ਦਾਖਲ ਹੋ ਰਹੇ ਹਨ। ਮੈਂ ਸਰਹੱਦ ਦੇ ਦੋਵੇਂ ਪਾਸੇ ਸ਼ਾਂਤੀ ਚਾਹੁੰਦੀ ਹਾਂ। ਗੁਆਂਢੀ ਦੇਸ਼ ਬੰਗਲਾਦੇਸ਼ ਨਾਲ ਸਾਡੇ ਚੰਗੇ ਰਿਸ਼ਤੇ ਹਨ।’’

ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਦੋਸ਼ ਲਾਇਆ ਕਿ ਬੀ. ਐੱਸ. ਐੱਫ. ਵੱਲੋਂ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਬੈਠਕ ਵਿਚ ਮੌਜੂਦ ਅਧਿਕਾਰੀਆਂ ਨੂੰ ਪੁੱਛਿਆ,‘‘ਬੀ. ਐੱਸ. ਐੱਫ. ਵਾਲੇ ਔਰਤਾਂ ਦਾ ਸ਼ੋਸ਼ਣ ਕਰਦੇ ਹਨ ਪਰ ਤੁਸੀਂ ਵਿਰੋਧ ਕਿਉਂ ਨਹੀਂ ਕਰਦੇ?’’

ਮਮਤਾ ਬੈਨਰਜੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਹੱਦ ਦੀ ਸੁਰੱਖਿਆ ਸੂਬੇ ਦੀ ਜ਼ਿੰਮੇਵਾਰੀ ਨਹੀਂ ਹੈ। ਸਰਹੱਦਾਂ ਦੀ ਰਾਖੀ ਸਾਡੇ ਹੱਥ ਵਿਚ ਨਹੀਂ ਹੈ। ਇਹ ਬੀ. ਐੱਸ. ਐੱਫ. ਦਾ ਕੰਮ ਹੈ। ਤ੍ਰਿਣਮੂਲ ਕਾਂਗਰਸ ਸਰਹੱਦ ਦੀ ਰਾਖੀ ਨਹੀਂ ਕਰਦੀ। ਜਦੋਂ ਲੋਕ ਦਾਖਲ ਹੁੰਦੇ ਹਨ ਤਾਂ ਉਹ ਕਿੱਥੇ ਜਾਂਦੇ ਹਨ? ਡੀ. ਐੱਮ. ਨੂੰ ਪਤਾ ਹੁੰਦਾ ਹੈ ਕਿ ਉਹ ਕਿੱਥੇ ਜਾ ਰਹੇ ਹਨ।

ਉਨ੍ਹਾਂ ਕੌਮਾਂਤਰੀ ਆਗਮਨ ਨਾਲ ਸਬੰਧਤ ਸੂਚਨਾਵਾਂ ਨੂੰ ਸਾਂਝਾ ਕਰਨਾ ਬੰਦ ਕਰਨ ’ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ,‘‘ਵੀਜ਼ਾ ਦੇਣਾ ਸੂਬੇ ਦੇ ਅਧਿਕਾਰ ਖੇਤਰ ਵਿਚ ਨਹੀਂ, ਇਸ ਨੂੰ ਕੇਂਦਰ ਸਰਕਾਰ ਸੰਭਾਲਦੀ ਹੈ। ਸਾਨੂੰ ਇੱਥੇ ਆਉਣ ਲਈ ਫਲਾਈਟ ਲੈਣ ਵਾਲੇ ਲੋਕਾਂ ਦੀ ਸੂਚੀ ਮਿਲਦੀ ਸੀ ਪਰ ਹੁਣ ਇਹ ਬੰਦ ਹੋ ਗਈ ਹੈ। ਇਸ ਲਈ ਅਸੀਂ ਨਹੀਂ ਜਾਣਦੇ ਕਿ ਕੌਮਾਂਤਰੀ ਆਗਮਨ ਦੇ ਮਾਧਿਅਮ ਰਾਹੀਂ ਬੰਗਾਲ ਵਿਚ ਕੌਣ ਦਾਖਲ ਹੋ ਰਿਹਾ ਹੈ।’’

ਮਮਤਾ ਨੇ ਡੀ. ਜੀ. ਪੀ. ਰਾਜੀਵ ਕੁਮਾਰ ਨੂੰ ਪਤਾ ਲਾਉਣ ਦੀ ਹਦਾਇਤ ਕੀਤੀ ਕਿ ਘੁਸਪੈਠੀਏ ਸੂਬੇ ਵਿਚ ਆਉਣ ਤੋਂ ਬਾਅਦ ਕਿੱਥੇ ਰਹਿ ਰਹੇ ਹਨ। ਉਨ੍ਹਾਂ ਕਿਹਾ,‘‘ਜੇ ਮੈਂ ਵੇਖਾਂਗੀ ਕਿ ਕੋਈ ਮੇਰੇ ਸੂਬੇ ਵਿਚ ਅਸ਼ਾਂਤੀ ਫੈਲਾਉਣ ਲਈ ਅੱਤਵਾਦ ਦੀ ਮਦਦ ਕਰ ਰਿਹਾ ਹੈ ਤਾਂ ਅਸੀਂ ਵਿਰੋਧ ਕਰਾਂਗੇ। ਮੈਂ ਕੇਂਦਰ ਸਰਕਾਰ ਨੂੰ ਇਕ ਸਖਤ ਵਿਰੋਧ ਪੱਤਰ ਭੇਜਾਂਗੀ।’’

ਦੂਜੇ ਪਾਸੇ ਬੀ. ਐੱਸ. ਐੱਫ. ਨੇ ਇਸ ਦੋਸ਼ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੀ ਸਰਹੱਦ ਦੀ ਪੂਰੀ ਮੁਸਤੈਦੀ ਨਾਲ ਰਾਖੀ ਕਰਦੀ ਹੈ। ਪੂਰਬੀ ਖੇਤਰ ’ਚ ਬੀ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੀ. ਐੱਸ. ਐੱਫ. ਪੂਰੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਅ ਰਹੀ ਹੈ।

ਇੰਨੇ ਜ਼ਿਆਦਾ ‘ਭੁਲੇਖੇ’ ਵਿਚ, ਜਿਸ ਦੀ ਕੋਈ ਕੋਈ ਹੱਦ ਨਹੀਂ : ਸੁਕਾਂਤ ਮਜੂਮਦਾਰ

ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਮਮਤਾ ਬੈਨਰਜੀ ’ਤੇ ਬੀ. ਐੱਸ. ਐੱਫ. ਖਿਲਾਫ ਲਾਏ ਗਏ ਦੋਸ਼ਾਂ ਨੂੰ ਲੈ ਕੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਮੁੱਖ ਮੰਤਰੀ ਇੰਨੇ ਜ਼ਿਆਦਾ ‘ਭੁਲੇਖੇ’ ਵਿਚ ਹੈ, ਜਿਸ ਦੀ ਕੋਈ ਹੱਦ ਨਹੀਂ।

ਉਨ੍ਹਾਂ ਤਿੱਖੀ ਪ੍ਰਤੀਕਿਰਿਆ ਕਰਦਿਆਂ ‘ਐਕਸ’ ’ਤੇ ਕਿਹਾ, ‘‘ਸਰਹੱਦ ’ਤੇ ਨਿਗਰਾਨੀ ਲਈ ਅਤੇ ਚੌਕੀਆਂ ਸਥਾਪਤ ਕਰਨ ਲਈ ਜ਼ਮੀਨ ਮੁਹੱਈਆ ਨਾ ਕਰਵਾਉਣ ਦੇ ਬਾਵਜੂਦ ਉਹ ਗੈਰ-ਕਾਨੂੰਨੀ ਘੁਸਪੈਠ ਲਈ ਬੀ. ਐੱਸ. ਐੱਫ. ਨੂੰ ਕਸੂਰਵਾਰ ਠਹਿਰਾਉਂਦੀ ਰਹਿੰਦੀ ਹੈ ਪਰ ਹੁਣ ਉਨ੍ਹਾਂ ਨੇ ਦੋਸ਼ਾਂ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੇ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ ’ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਕੀ ਉਹ ਅਜਿਹੇ ਦਾਅਵੇ ਕਰ ਕੇ ਆਪਣੀ ਪਾਰਟੀ ਦੇ ਅਪਰਾਧੀ ਨੁਮਾਇੰਦਿਆਂ ਦੇ ਮਾੜੇ ਕੰਮਾਂ ਨੂੰ ਲੁਕੋਣ ਦੀ ਕੋਸ਼ਿਸ਼ ਕਰ ਰਹੀ ਹੈ?’’

ਉਨ੍ਹਾਂ ਕਿਹਾ, ‘‘ਆਦਰਯੋਗ ਮੈਡਮ ਮਮਤਾ ਬੈਨਰਜੀ ਜੀ, ਇਹ ਨਾ ਭੁੱਲੋ ਕਿ ਬੰਗਾਲ ਵਾਸੀ ਤੁਹਾਡੇ ਧੋਖੇ ਤੇ ਚਲਾਕੀ ਨੂੰ ਜਾਣ ਗਏ ਹਨ। ਤੁਸੀਂ ਪੱਛਮੀ ਬੰਗਾਲ ਦੀ ਪਵਿੱਤਰਤਾ ਨੂੰ ਕਲੰਕ ਲਾਇਆ ਹੈ।’’


author

Rakesh

Content Editor

Related News