ਕਾਂਗਰਸ ਕਾਰਜ ਸਮਿਤੀ ਦੀਆਂ ਚੋਣਾਂ : ਕੇ. ਸੀ. ਵੇਣੂਗੋਪਾਲ ਤੇ ਮਧੂਸੂਦਨ ਮਿਸਤਰੀ ’ਚ ਖੜਕੀ

Saturday, Feb 18, 2023 - 11:19 AM (IST)

ਕਾਂਗਰਸ ਕਾਰਜ ਸਮਿਤੀ ਦੀਆਂ ਚੋਣਾਂ : ਕੇ. ਸੀ. ਵੇਣੂਗੋਪਾਲ ਤੇ ਮਧੂਸੂਦਨ ਮਿਸਤਰੀ ’ਚ ਖੜਕੀ

ਨਵੀਂ ਦਿੱਲੀ- ਰਾਏਪੁਰ ਵਿਚ ਹੋਣ ਜਾ ਰਹੇ ਇਜਲਾਸ ਤੋਂ ਪਹਿਲਾਂ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਤੇ ਚੋਣ ਕਮੇਟੀ ਦੇ ਮੁਖੀ ਮਧੂਸੂਦਨ ਮਿਸਤਰੀ ਦਰਮਿਆਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ ਖੜਕਣੀ ਸ਼ੁਰੂ ਹੋ ਗਈ ਹੈ। ਮਧੂਸੂਦਨ ਮਿਸਤਰੀ ਨੇ ਦੇਸ਼ ਦੇ ਸਾਰੇ ਸੂਬਿਆਂ ਤੋਂ 1768 ਡੈਲੀਗੇਟਾਂ ਦੀ ਸੂਚੀ ਤਿਆਰ ਕੀਤੀ ਸੀ ਪਰ ਹੁਣ ਵੇਣੂਗੋਪਾਲ ਉਸ ਨੂੰ ਘਟਾ ਕੇ 1248 ਕਰਨਾ ਚਾਹੁੰਦੇ ਹਨ।

ਮਧੂਸੂਦਨ ਮਿਸਤਰੀ ਨੇ ਸਾਰੇ ਮੈਂਬਰਾਂ ਦੀ ਸੂਚੀ ਕੇ. ਸੀ. ਵੇਣੂਗੋਪਾਲ ਨੂੰ ਸੌਂਪ ਦਿੱਤੀ ਹੈ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਕਿ ਜੋ ਵੀ ਛਾਂਟੀ ਕਰਨੀ ਹੈ, ਉਹ ਤੁਸੀਂ ਕਰ ਸਕਦੇ ਹੋ। ਚੋਣ ਸਮਿਤੀ ਨੂੰ ਆਖਰੀ ਸੂਚੀ ਭੇਜ ਦਿਓ। ਹੁਣ ਕੋਈ ਕਾਂਗਰਸ ਦਾ ਨੇਤਾ ਮਧੂਸੂਦਨ ਮਿਸਤਰੀ ਕੋਲ ਮੈਂਬਰ ਬਣਨ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਕੇ. ਸੀ. ਵੇਣੂਗੋਪਾਲ ਨਾਲ ਗੱਲ ਕਰੋ। ਵੇਣੂਗੋਪਾਲ ਹੀ ਆਖਰੀ ਫੈਸਲਾ ਲੈਣਗੇ।

ਦਰਅਸਲ 24 ਫਰਵਰੀ ਤੋਂ ਇਜਲਾਸ ਦੀ ਸ਼ੁਰੂਆਤ ਹੋਵੇਗੀ। ਪਹਿਲੀ ਬੈਠਕ ਸਟੀਅਰਿੰਗ ਕਮੇਟੀ ਦੀ ਹੋਵੇਗੀ, ਜੋ ਇਸ ਗੱਲ ਦਾ ਫੈਸਲਾ ਕਰੇਗੀ ਕਿ ਕਾਂਗਰਸ ਕਾਰਜ ਸਮਿਤੀ ਦੀਆਂ ਚੋਣਾਂ ਹੋਣਗੀਆਂ ਜਾਂ ਨਹੀਂ। ਸੂਤਰਾਂ ਮੁਤਾਬਕ ਰਾਏਪੁਰ ਇਜਲਾਸ ਵਿਚ 25 ਫਰਵਰੀ (ਇਜਲਾਸ ਦਾ ਦੂਜਾ ਦਿਨ) ਨੂੰ ਕਾਂਗਰਸ ਕਾਰਜ ਸਮਿਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ ਇਕ-ਇਕ ਮੈਂਬਰ ਦੀ ਕਾਂਗਰਸ ਹਾਈ ਕਮਾਨ ਪ੍ਰਤੀ ਵਫਾਦਾਰੀ ਨੂੰ ਦੇਖ ਕੇ ਹੀ ਉਨ੍ਹਾਂ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦਾ ਡੈਲੀਗੇਟ ਬਣਾਇਆ ਜਾ ਰਿਹਾ ਹੈ ਤਾਂ ਜੋ ਚੋਣਾਂ ਹੋਣ ਦੀ ਸਥਿਤੀ ਵਿਚ ਕਾਂਗਰਸ ਹਾਈ ਕਮਾਨ ਦੇ ਹੱਥ ਮਜ਼ਬੂਤ ਰਹਿਣ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੋਵੇਂ ਚਾਹੁੰਦੇ ਹਨ ਕਿ ਕਾਂਗਰਸ ਕਾਰਜ ਸਮਿਤੀ ਦੀਆਂ ਚੋਣਾਂ ਹੋਣ।

ਕਾਂਗਰਸ ਦੇ ਅੰਦਰ ਇਸ ਗੱਲ ਦੀ ਵੀ ਚਰਚਾ ਹੈ ਕਿ ਪਾਰਟੀ ਦੇ ਅੰਦਰੂਨੀ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਰਾਹੁਲ ਗਾਂਧੀ ਵੀ ਇਸ ਵਾਰ ਕਾਰਜ ਸਮਿਤੀ ਦੀ ਚੋਣ ਲੜ ਸਕਦੇ ਹਨ। ਇਸ ਚੋਣ ਵਿਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਵੋਟਾਂ ਪਾਉਂਦੇ ਹਨ, ਜਿਨ੍ਹਾਂ ਦੀ ਗਿਣਤੀ ਘਟਾ ਕੇ 1248 ਕੀਤੀ ਜਾ ਰਹੀ ਹੈ। ਉਥੇ ਹੀ ਜਦੋਂ ਕਾਂਗਰਸ ਪ੍ਰਧਾਨ ਦੀ ਚੋਣ ਹੋਈ ਸੀ ਤਾਂ ਸੂਬਾ ਕਾਂਗਰਸ ਕਮੇਟੀ ਦੇ ਮੈਂਬਰਾਂ ਨੇ ਵੋਟ ਪਾਈ ਸੀ। ਜ਼ਾਹਿਰ ਹੈ ਕਿ ਕੇ. ਸੀ. ਵੇਣੂਗੋਪਾਲ ਗਾਂਧੀ ਪਰਿਵਾਰ ਦੇ ਵਫਾਦਾਰਾਂ ਨੂੰ ਹੀ ਡੈਲੀਗੇਟ ਬਣਾਉਣਾ ਚਾਹੁੰਦੇ ਹਨ।


author

Rakesh

Content Editor

Related News