ਯੂਪੀ 'ਚ ਗੱਜੇ ਅਮਿਤ ਸ਼ਾਹ, ਕਿਹਾ- ਇਸ ਵਾਰ 40 ਸੀਟਾਂ ਵੀ ਨਹੀਂ ਜਿੱਤ ਸਕੇਗੀ ਕਾਂਗਰਸ

05/23/2024 8:07:07 PM

ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਪੰਜ ਪੜਾਵਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 310 ਸੀਟਾਂ ਮਿਲਣ ਦਾ ਦਾਅਵਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਸ ਵਾਰ ਕਾਂਗਰਸ 40 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ ਅਤੇ ਸਮਾਜਵਾਦੀ ਪਾਰਟੀ (ਸਪਾ) ਨੂੰ ਚਾਰ ਸੀਟਾਂ ਵੀ ਨਸੀਬ ਨਹੀਂ ਹੋਣਗੀਆਂ। ਸ਼ਾਹ ਨੇ ਡੁਮਰਿਆਗੰਜ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਜਗਦੰਬਿਕਾ ਪਾਲ ਦੇ ਸਮਰਥਨ ਵਿਚ ਕਰਵਾਈ ਇਕ ਚੋਣ ਰੈਲੀ ਵਿਚ ਦਾਅਵਾ ਕਰਦੇ ਹੋਏ ਕਿਹਾ, ''ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਪੰਜ ਪੜਾਵਾਂ ਵਿਚ ਮੋਦੀ ਜੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) 310 ਸੀਟਾਂ ਜਿੱਤ ਚੁੱਕੇ ਹਨ। ਇੰਡੀਆ ਗੱਠਜੋੜ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ। 

ਕਾਂਗਰਸ ਇਸ ਵਾਰ 40 ਸੀਟਾਂ ਵੀ ਪਾਰ ਨਹੀਂ ਕਰ ਸਕੇਗੀ : ਅਮਿਤ ਸ਼ਾਹ

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਇਸ ਵਾਰ 40 ਸੀਟਾਂ ਵੀ ਪਾਰ ਨਹੀਂ ਕਰ ਸਕੇਗੀ ਅਤੇ ਅਖਿਲੇਸ਼ ਜੀ (ਸਪਾ ਮੁਖੀ ਅਖਿਲੇਸ਼ ਯਾਦਵ) ਨੂੰ ਚਾਰ ਸੀਟਾਂ ਵੀ ਨਸੀਬ ਨਹੀਂ ਹੋਣਗੀਆਂ। ਸ਼ਾਹ ਨੇ ਵਿਰੋਧੀ ਧਿਰ ਦੇ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇੰਕਲੂਸਿਵ ਅਲਾਇੰਸ (ਇੰਡੀਆ) ਗੱਠਜੋੜ 'ਤੇ ਤੰਜ ਕੱਸਦੇ ਹੋਏ ਕਿਹਾ, 'ਵਿਰੋਧੀ ਧਿਰ ਥੋੜ੍ਹਾ ਘੁਮੰਡੀ ਗੱਠਜੋੜ ਬਣਾ ਕੇ ਅੱਗੇ ਵਧੀ ਹੈ। ਮੈਂ ਇਥੋਂ ਰਾਹੁਲ ਬਾਬਾ (ਕਾਂਗਰਸੀ ਨੇਤਾ ਰਾਹੁਲ ਗਾਂਧੀ) ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਂਜ ਤਾਂ ਦੂਰ-ਦੂਰ ਤਕ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਮੋਦੀ ਜੀ ਹੀ ਪ੍ਰਧਾਨ ਮੰਤਰੀ ਬਣਨ ਵਾਲੇ ਹਨ, ਪਰ ਦੇਸ਼ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਜੇਕਰ ਤੁਹਾਨੂੰ ਬਹੁਮਤ ਮਿਲਦਾ ਹੈ ਤਾਂ ਤੁਹਾਡਾ ਪ੍ਰਧਾਨ ਮੰਤਰੀ ਕੌਣ ਹੋਵੇਗਾ?'' ਸ਼ਾਹ ਨੇ ਸਵਾਲੀਆ ਅੰਦਾਜ਼ ਵਿਚ ਕਿਹਾ ਕਿ ਕੀ ਦੇਸ਼ ਇਸ ਤਰ੍ਹਾਂ ਚੱਲ ਸਕਦਾ ਹੈ? ਉਨ੍ਹਾਂ ਕਿਹਾ, ''ਰਾਹੁਲ ਬਾਬਾ ਇਹ ਪਰਚੂਨ ਦੀ ਦੁਕਾਨ ਨਹੀਂ ਹੈ...130 ਕਰੋੜ ਦਾ ਮਹਾਨ ਦੇਸ਼ ਹੈ।''

ਖ਼ੂਨ ਦੀਆਂ ਨਦੀਆਂ ਛੱਡੋ, ਪੱਥਰ ਚਲਾਉਣ ਦੀ ਹਿੰਮਤ ਨਹੀਂ ਹੈ ਕਿਸੇ ਦੀ

ਗ੍ਰਹਿ ਮੰਤਰੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਮੁੱਦਾ ਚੁੱਕਦੇ ਹੋਏ ਕਿਹਾ, ''ਇਨ੍ਹਾਂ ਲੋਕਾਂ ਦੀ ਮਾਨਸਿਕਤਾ ਤਾਂ ਦੇਖੋ ਕਿ ਪਾਕਿਸਤਾਨ ਕੋਲ ਐਟਮ ਬੰਬ ਹੈ ਤਾਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਵੀ ਉਸ ਨੂੰ ਦੇ ਦੇਣਗੇ। ਐਟਮ ਬੰਬਾਂ ਨਾਲ ਦੇਸ਼ ਦੇ ਮਸਲੇ ਹੱਲ ਨਹੀਂ ਹੁੰਦੇ ਹਨ।'' ਸ਼ਾਹ ਨੇ ਦੋਸ਼ ਲਾਇਆ ਕਿ ਰਾਹੁਲ ਬਾਬਾ ਨੇ ਇਹ ਕਹਿੰਦੇ ਹੋਏ ਜੰਮੂ-ਕਸ਼ਮੀਰ ਤੋਂ ਧਾਰਾ 370 ਨਾ ਹਟਾਉਣ ਦੀ ਗੱਲ ਕਹੀ ਸੀ ਕਿ ਇਸ ਨਾਲ ਪਾਕਿਸਤਾਨ ਵਿਚ ਖ਼ੂਨ ਦੀਆਂ ਨਦੀਆਂ ਵੱਗ ਜਾਣਗੀਆਂ। ਰਾਹੁਲ ਬਾਬਾ, ਉਹ ਤੁਹਾਡੀ ਦਾਦੀ ਦੇ ਜ਼ਮਾਨੇ ਵਿਚ ਹੁੰਦਾ ਹੋਵੇਗਾ, ਇਹ ਮੋਦੀ ਦਾ ਰਾਜ ਹੈ। ਖ਼ੂਨ ਦੀਆਂ ਨਦੀਆਂ ਛੱਡੋ, ਪੱਥਰ ਤਕ ਚਲਾਉਣ ਦੀ ਹਿੰਮਤ ਨਹੀਂ ਹੈ ਕਿਸੇ ਦੀ।''

ਮੋਦੀ ਨੇ ਦੇਸ਼ ਤੋਂ ਅੱਤਵਾਦ ਤੇ ਨਕਸਲਵਾਦ ਨੂੰ ਖ਼ਤਮ ਕਰ ਦਿੱਤਾ

ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿਚੋਂ ਅੱਤਵਾਦ ਤੇ ਨਕਸਲਵਾਦ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਇੰਡੀਆ ਗੱਠਜੋੜ 'ਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰਨਾਂ ਪੱਛੜੇ ਵਰਗਾਂ ਦੇ ਰਾਖਵੇਂਕਰਨ 'ਤੇ ਡਾਕਾ ਮਾਰਨ ਦੀ ਤਿਆਰੀ ਕਰਨ ਦਾ ਦੋਸ਼ ਲਾਉਂਦੇ ਹਏ ਕਿਹਾ ਕਿ ਕੱਲ੍ਹ ਹੀ ਬੰਗਾਲ ਦੇ ਹਾਈ ਕੋਰਟ ਨੇ 2010 ਤੋਂ ਲੈ ਕੇ 2024 ਤਕ ਹੋਰਨਾਂ ਪੱਛੜੇ ਵਰਗ ਵਿਚ ਮੁਸਲਮਾਨ ਜਾਤੀਆਂ ਨੂੰ ਸ਼ਾਮਿਲ ਕਰਨ 'ਤੇ ਰੋਕ ਲਗਾ ਦਿੱਤੀ। ਸ਼ਾਹ ਨੇ ਕਿਹਾ ਕਿ ਰਾਹੁਲ ਬਾਬਾ ਅਤੇ ਅਖਿਲੇਸ਼ ਬਾਬੂ, ਤੁਸੀਂ ਵੋਟ ਬੈਂਕ ਦੀ ਸਿਆਸਤ ਵਿਚ ਅੰਨ੍ਹੇ ਹੋ ਗਏ ਹੋ। ਮੇਰੀ ਗੱਲ ਧਿਆਨ ਨਾਲ ਸੁਣੋ। ਮੈਂ ਅੱਜ ਡੰਕੇ ਦੀ ਚੋਟ 'ਤੇ ਕਹਿੰਦਾ ਹਾਂ ਕਿ ਅਸੀਂ ਧਰਮ ਦੇ ਆਧਾਰ 'ਤੇ ਮੁਸਲਿਮ ਰਾਖਵਾਂਕਰਨ ਸਮਾਪਤ ਕਰ ਦਿਆਂਗੇ ਅਤੇ ਉਸ ਨੂੰ ਐੱਸਸੀ, ਐੱਸਟੀ ਅਤੇ ਓਬੀਸੀ ਨੂੰ ਦਿਆਂਗੇ।''


Rakesh

Content Editor

Related News