ਪਟਨਾ ਸੰਮੇਲਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਸ਼ਿਮਲਾ ਸੱਦੇਗੀ ਕਾਂਗਰਸ

Thursday, Jun 15, 2023 - 01:57 PM (IST)

ਪਟਨਾ ਸੰਮੇਲਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਸ਼ਿਮਲਾ ਸੱਦੇਗੀ ਕਾਂਗਰਸ

ਨਵੀਂ ਦਿੱਲੀ- ਸਮਝਿਆ ਜਾਂਦਾ ਹੈ ਕਿ ਕਾਂਗਰਸ ਨੇ ਇੱਕੋ ਜਿਹੇ ਵਿਚਾਰਾਂ ਵਾਲੀਆਂ ਵਿਰੋਧੀ ਪਾਰਟੀਆਂ ਦੀ ਅਗਲੀ ਬੈਠਕ ਦੀ ਮੇਜ਼ਬਾਨੀ ਸ਼ਿਮਲਾ ਵਿੱਚ ਕਰਨ ਦੀ ਪੇਸ਼ਕਸ਼ ਕੀਤੀ ਹੈ। 16-18 ਵਿਰੋਧੀ ਪਾਰਟੀਆਂ ਦੀ ਪਟਨਾ ਕਾਨਫਰੰਸ ਕਿਉਂਕਿ ਸਾਂਝੇ ਮੁੱਦਿਆਂ ਅਤੇ ਪ੍ਰੋਗਰਾਮਾਂ ਦੀ ਪਛਾਣ ਕਰਨ ਲਈ ਪਹਿਲੀ ਉਸਾਰੂ ਗੱਲਬਾਤ ਹੈ, ਇਸ ਲਈ ਸ਼ਿਮਲਾ ਦੀ ਬੈਠਕ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਅਤੇ ਮਤਭੇਦਾਂ ਨੂੰ ਦੂਰ ਕਰਨ ਲਈ ਇੱਕ ਠੋਸ ਕਦਮ ਹੋਵੇਗੀ।

ਪਟਨਾ ਸੰਮੇਲਨ ਇਕ ਦਿਨ ਦਾ ਹੈ ਜਦਕਿ ਸ਼ਿਮਲਾ ਬੈਠਕ 2 ਦਿਨਾਂ ਦੀ ਹੋਵੇਗੀ। ਸ਼ਿਮਲਾ ਵਿੱਚ ਵਿਰੋਧੀ ਪਾਰਟੀਆਂ ਮਈ 2024 ਦੀਆਂ ਚੋਣਾਂ ਲਈ ਏਜੰਡਾ ਤਿਆਰ ਕਰਨਗੀਆਂ। ਉਹ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਲਈ ਕਈ ਸਬ-ਕਮੇਟੀਆਂ ਬਣਾ ਸਕਦੀਆਂ ਹਨ। ਸਾਰੀਆਂ ਵਿਰੋਧੀ ਪਾਰਟੀਆਂ ਸ਼ਿਮਲਾ ’ਚ ਵਿਰੋਧੀ ਏਕਤਾ ਨੂੰ ਮਜ਼ਬੂਤ ​​ਕਰਨ ’ਤੇ ਵਿਚਾਰ ਕਰਨਗੀਆਂ।

ਰਾਹੁਲ ਗਾਂਧੀ ਇਸ ਹਫਤੇ ਦੇ ਅੰਤ ’ਚ ਵਿਦੇਸ਼ ਤੋਂ ਪਰਤਣਗੇ । ਉਹ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਗੱਲਬਾਤ ਕਰਨ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨਾਲ ਫੋਨ ’ਤੇ ਗੱਲ ਕਰ ਸਕਦੇ ਹਨ। ਦੋਵੇਂ ਨੇਤਾ ਸੰਮੇਲਨ ’ਚ ਜਾਣ ਤੋਂ ਪਹਿਲਾਂ ਪਟਨਾ ’ਚ ਕਾਂਗਰਸ ਦੇ ਦਫਤਰ ਵੀ ਜਾ ਸਕਦੇ ਹਨ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਕਾਂਗਰਸੀ ਆਗੂ ਉਦਘਾਟਨ ਕਰਨਗੇ । ਉਹ ਆਗੂਆਂ ਵਿੱਚ ਏਕਤਾ ਲਈ ਮਤਾ ਪਾਸ ਕਰਨ ਦਾ ਪ੍ਰਸਤਾਵ ਪੇਸ਼ ਕਰਨਗੇ ਬੇਸ਼ਕ ਹੀ ਇਸ ਦੀ ਪ੍ਰਾਪਤੀ ਲਈ ਕੁਝ ਕੁਰਬਾਨੀਆਂ ਵੀ ਕਿਉਂ ਨਾ ਕਰਨੀਆਂ ਪੈਣ।

ਵਿਰੋਧੀ ਧਿਰ ਦੀ ਮੀਟਿੰਗ ਪਹਿਲਾਂ 12 ਜੂਨ ਨੂੰ ਪਟਨਾ ਵਿੱਚ ਹੋਣੀ ਸੀ ਪਰ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਅਤੇ ਸੀਤਾਰਾਮ ਯੇਚੁਰੀ ਦੇ ਰੁਝੇਵਿਆਂ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਸੀ।


author

Rakesh

Content Editor

Related News