ਮੀਰਾ ਨੂੰ ਸਮਰਥਨ ਨਹੀਂ ਦੇਣ ''ਤੇ ਕਾਂਗਰਸ ਦਾ ਨਿਤੀਸ਼ ''ਤੇ ਤਿੱਖਾ ਹਮਲਾ

Monday, Jun 26, 2017 - 05:14 PM (IST)

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਰਾਸ਼ਟਰਪਤੀ ਅਹੁਦੇ ਦੀ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਸਮਰਥਨ ਨਹੀਂ ਦੇਣ ਦੇ ਜਨਤਾ ਦਲ (ਯੂ) ਦੇ ਫੈਸਲੇ 'ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਅੱਜ ਕਿਹਾ ਕਿ ਉਨ੍ਹਾਂ ਨੇ ਬਿਹਾਰ ਦੀ ਦਲਿਤ ਧੀ ਨੂੰ ਹਰਾਉਣ ਦੀ ਤਿਆਰੀ ਕਰ ਲਈ ਹੈ। ਆਜ਼ਾਦ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਹਾਲਾਂਕਿ ਸਿੱਧੇ ਤੌਰ 'ਤੇ ਨਿਤੀਸ਼ ਕੁਮਾਰ ਦਾ ਨਾਂ ਨਹੀਂ ਲਿਆ, ਪਰ ਇਸ਼ਾਰਿਆਂ-ਇਸ਼ਾਰਿਆਂ 'ਚ ਕਿਹਾ ਕਿ ਕੁਝ ਲੋਕਾਂ ਨੇ ਰਾਸ਼ਟਰੀ ਜਨ ਤਾਂਤਰਿਕ ਗਠਜੋੜ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਦਾ ਸਮਰਥਨ ਕਰਨ ਦਾ ਫੈਸਲਾ ਲੈ ਕੇ ਬਿਹਾਰ ਦੀ ਧੀ ਨੂੰ ਹਰਾਉਣ ਦੀ ਪਹਿਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਲੋਕ ਇਕ ਸਿਧਾਂਤ 'ਚ ਭਰੋਸਾ ਕਰਦੇ ਹਨ, ਉਹ ਸਿਰਫ ਇਕ ਫੈਸਲਾ ਲੈਂਦੇ ਹਨ, ਜਿਨ੍ਹਾਂ ਲੋਕਾਂ ਨੂੰ ਕਈ ਸਿਧਾਂਤਾ 'ਚ ਭਰੋਸਾ ਹੈ, ਉਹ ਕਈ ਤਰ੍ਹਾਂ ਦੇ ਫੈਸਲੇ ਲੈਂਦੇ ਹਨ। ਉਨ੍ਹਾਂ ਨੇ ਨਿਤੀਸ਼ ਕੁਮਾਰ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਪਹਿਲੇ ਇਸ ਤਰ੍ਹਾਂ ਦੇ ਸ਼ਖਸ ਹਨ, ਜਿਨ੍ਹਾਂ ਨੇ ਬਿਹਾਰ ਦੀ ਦਲਿਤ ਧੀ ਨੂੰ ਹਰਾਉਣ ਦੀ ਘੋਸ਼ਣਾ ਕੀਤੀ ਹੈ। ਇਹ ਕੰਮ ਸਾਡਾ ਨਹੀਂ ਹੈ। ਸਾਬਕਾ ਲੋਕ ਸਭਾ ਪ੍ਰਧਾਨ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਚੋਣਾਂ ਨੂੰ ਉਮੀਦਵਾਰ ਬਣਾਉਣ ਦੇ ਵਿਰੋਧੀ ਧਿਰ ਦੇ ਫੈਸਲੇ 'ਤੇ ਨਿਤੀਸ਼ ਕੁਮਾਰ ਨੇ ਕਿਹਾ ਸੀ ਕਿ ਵਿਰੋਧੀ ਗਠਜੋੜ ਨੇ ਬਿਹਾਰ ਦੀ ਧੀ ਨੂੰ ਹਰਾਉਣ ਦੇ ਲਈ ਮੈਦਾਨ 'ਚ ਉਤਾਰਿਆ ਹੈ। ਆਜ਼ਾਦ ਨਿਤੀਸ਼ ਕੁਮਾਰ ਦੇ ਇਸ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਸੀ।


Related News