ਜੀ-20 ਲੋਗੋ ’ਚ ਕਮਲ ਦੇ ਫੁੱਲ ਨੂੰ ਸ਼ਾਮਲ ਕਰਨ ’ਤੇ ਕਾਂਗਰਸ ਗੁੱਸੇ ’ਚ
Thursday, Nov 10, 2022 - 01:48 PM (IST)

ਨਵੀਂ ਦਿੱਲੀ (ਭਾਸ਼ਾ)– ਜੀ-20 ਦੇ ਲੋਗੋ ਵਿੱਚ ਕਮਲ ਦੇ ਫੁੱਲ ਨੂੰ ਸ਼ਾਮਲ ਕਰਨ ਲਈ ਕਾਂਗਰਸ ਨੇ ਬੁੱਧਵਾਰ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਭਾਜਪਾ ਦੇ ਚੋਣ ਨਿਸ਼ਾਨ ਦੀ ਵਰਤੋਂ ਹੈਰਾਨ ਕਰਨ ਵਾਲੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ 70 ਸਾਲ ਪਹਿਲਾਂ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਦੇ ਝੰਡੇ ਨੂੰ ਭਾਰਤ ਦਾ ਝੰਡਾ ਬਣਾਉਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਹੁਣ ਭਾਜਪਾ ਦਾ ਚੋਣ ਨਿਸ਼ਾਨ ਜੀ-20 ਸੰਮੇਲਨ ਦੌਰਾਨ ਦੀ ਭਾਰਤ ਦੀ ਪ੍ਰਧਾਨਗੀ ਦਾ ਅਧਿਕਾਰਤ ਲੋਗੋ ਬਣ ਗਿਆ ਹੈ।
ਉਨ੍ਹਾਂ ਟਵੀਟ ਕੀਤਾ ਕਿ ਇਹ ਹੈਰਾਨ ਕਰਨ ਵਾਲਾ ਹੈ। ਹੁਣ ਅਸੀਂ ਜਾਣਦੇ ਹਾਂ ਕਿ ਮੋਦੀ ਅਤੇ ਭਾਜਪਾ ਆਪਣੇ ਲਈ ਪ੍ਰਚਾਰ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਣਗੇ।
ਦੂਜੇ ਪਾਸੇ ਸਰਕਾਰੀ ਬਿਆਨ ਅਨੁਸਾਰ ਜੀ-20 ਦਾ ਲੋਗੋ ਭਾਰਤ ਦੇ ਰਾਸ਼ਟਰੀ ਝੰਡੇ ਦੇ ਰੰਗਾਂ ਭਗਵਾ, ਚਿੱਟੇ , ਹਰੇ ਅਤੇ ਨੀਲੇ ਤੋਂ ਪ੍ਰੇਰਿਤ ਹੈ। ਇਸ ਵਿੱਚ ਧਰਤੀ ਨੂੰ ਭਾਰਤ ਦੇ ਰਾਸ਼ਟਰੀ ਫੁੱਲ ਕਮਲ ਦੇ ਨਾਲ ਜੋੜਿਆ ਗਿਆ ਹੈ ਜੋ ਚੁਣੌਤੀਆਂ ਦਰਮਿਆਨ ਵਿਕਾਸ ਨੂੰ ਦਰਸਾਉਂਦਾ ਹੈ।