ਥਰੂਰ ਨੇ ਮਾਣਹਾਨੀ ਮਾਮਲੇ 'ਚ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

Thursday, Mar 12, 2020 - 05:57 PM (IST)

ਥਰੂਰ ਨੇ ਮਾਣਹਾਨੀ ਮਾਮਲੇ 'ਚ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸੰਸਦ ਮੈਂਬਰ ਸ਼ਸੀ ਥਰੂਰ ਨੇ 'ਸ਼ਿਵਲਿੰਗ 'ਤੇ ਬੈਠੇ ਬਿੱਛੂ' ਵਾਲੀ ਟਿੱਪਣੀ ਨੂੰ ਲੈ ਕੇ ਉਨ੍ਹਾਂ ਵਿਰੁੱਧ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ 'ਚ ਉਨ੍ਹਾਂ ਨੂੰ ਤਲਬ ਕੀਤੇ ਜਾਣ ਦੇ ਹੇਠਲੇ ਅਦਾਲਤ ਦੇ ਹੁਕਮ ਵਿਰੁੱਧ ਦਿੱਲੀ ਹਾਈਕੋਰਟ ਦਾ ਵੀਰਵਾਰ ਦਰਵਾਜ਼ਾ ਖੜਕਾਇਆ। ਥਰੂਰ ਨੇ ਅਕਤੂਬਰ 2018 'ਚ ਕਿਹਾ ਸੀ ਕਿ ਆਰ.ਐੱਸ. ਦੇ ਇਕ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਸ਼ਿਵਲਿੰਗ 'ਤੇ ਬੈਠੇ ਬਿੱਛੂ ਨਾਲ ਕੀਤੀ ਸੀ। ਥਰੂਰ ਦੀ ਇਸ ਟਿੱਪਣੀ 'ਤੇ ਦਿੱਲੀ ਭਾਜਪਾ ਦੇ ਨੇਤਾ ਰਾਜੀਵ ਬੱਬਰ ਨੇ ਥਰੂਰ ਵਿਰੁੱਧ ਦਿੱਲੀ ਦੀ ਇਕ ਅਦਾਲਤ 'ਚ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਸੀ।

ਅਦਾਲਤ ਨੇ ਪਿਛਲੇ ਸਾਲ 27 ਅਪ੍ਰੈਲ ਨੂੰ ਥਰੂਰ ਨੂੰ ਸੰਮਨ ਜਾਰੀ ਕੀਤਾ ਸੀ। ਥਰੂਰ ਨੇ ਅਦਾਲਤ ਦੇ ਉਕਤ ਹੁਕਮ 'ਤੇ ਰੋਕ ਲਾਉਣ ਲਈ ਹਾਈ ਕੋਰਟ ਵਲ ਰੁਖ ਕੀਤਾ ਹੈ। ਮਾਣਹਾਨੀ ਦੀ ਸ਼ਿਕਾਇਤ ਕਰਨ ਵਾਲੇ ਬੱਬਰ ਨੇ ਕਿਹਾ ਸੀ ਕਿ ਕਾਂਗਰਸ ਨੇਤਾ ਦੇ ਬਿਆਨ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਾਬਕਾ ਕੇਂਦਰੀ ਮੰਤਰੀ ਥਰੂਰ ਨੇ ਮਾਣਹਾਨੀ ਦੀ ਸ਼ਿਕਾਇਤ ਨੂੰ ਵੀ ਖਾਰਜ ਕਰਨ ਦੀ ਅਪੀਲ ਕੀਤੀ ਹੈ। ਸ਼ਿਕਾਇਤ 'ਚ ਉਨ੍ਹਾਂ ਦੇ ਬਿਆਨ ਨੂੰ 'ਅਸਹਿਣਯੋਗ ਅਪਸ਼ਬਦ' ਅਤੇ ਲੱਖਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੱਤਾ ਗਿਆ ਹੈ। ਥਰੂਰ ਵਿਰੁੱਧ ਭਾਰਤੀ ਸਜ਼ਾ ਯਾਫਤਾ ਦੀ ਮਾਣਹਾਨੀ ਨਾਲ ਸੰਬੰਧਤ ਧਾਰਾਵਾਂ 499 ਅਤੇ 500 ਦੇ ਅਧੀਨ ਸ਼ਿਕਾਇਤ ਦਰਜ ਕਰਵਾਈ ਗਈ ਹੈ।


author

DIsha

Content Editor

Related News