ਪੰਜਾਬ ਅਤੇ ਚੰਡੀਗੜ੍ਹ ਬੱਸਾਂ ਭੇਜੇ ਕਾਂਗਰਸ : ਮਾਇਆਵਤੀ

05/17/2020 1:58:22 PM

ਨਵੀਂ ਦਿੱਲੀ (ਵਾਰਤਾ)— ਬਹੁਜਨ ਸਮਾਜ ਪਾਰਟੀ (ਭਾਜਪਾ) ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਨੂੰ ਆਪਣੀਆਂ 1000 ਬੱਸਾਂ ਉੱਤਰ ਪ੍ਰਦੇਸ਼ ਭੇਜਣ ਦੀ ਬਜਾਏ ਪੰਜਾਬ ਅਤੇ ਚੰਡੀਗੜ੍ਹ ਭੇਜਣੀਆਂ ਚਾਹੀਦੀਆਂ ਹਨ, ਤਾਂ ਕਿ ਪ੍ਰਵਾਸੀ ਮਜ਼ਦੂਰ ਯਮੁਨਾ ਨਦੀ ਜ਼ਰੀਏ ਯਾਤਰਾ ਕਰਨ ਦੀ ਬਜਾਏ ਇਨ੍ਹਾਂ ਬੱਸਾਂ ਤੋਂ ਆਪਣੇ ਗ੍ਰਹਿ ਸੂਬੇ ਜਾ ਸਕਣ। ਮਾਇਆਵਤੀ ਨੇ ਇਕ ਟਵੀਟ 'ਚ ਕਿਹਾ ਕਿ ਕਾਂਗਰਸ ਆਪਣੀਆਂ 1000 ਬੱਸਾਂ ਉੱਤਰ ਪ੍ਰਦੇਸ਼ ਭੇਜਣ ਦੀ ਬਜਾਏ, ਉਨ੍ਹਾਂ ਨੂੰ ਪਹਿਲਾਂ ਪੰਜਾਬ ਅਤੇ ਚੰਡੀਗੜ੍ਹ ਹੀ ਭੇਜ ਦੇਣ, ਤਾਂ ਕਿ ਉਹ ਮਜ਼ਦੂਰ ਯਮੁਨਾ ਨਦੀ ਵਿਚ ਆਪਣੀ ਜਾਨ ਜ਼ੋਖਮ ਵਿਚ ਪਾਉਣ ਦੀ ਬਜਾਏ ਸੜਕ ਜ਼ਰੀਏ ਉੱਤਰ ਪ੍ਰਦੇਸ਼ ਵਿਚ ਪਹੁੰਚ ਸਕਣ।

ਜ਼ਿਕਰਯੋਗ ਹੈ ਕਿ ਕਾਂਗਰਸ ਨੇ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਦੀ ਸਰਹੱਦ ਤੱਕ ਲਿਆਉਣ ਲਈ 1000 ਬੱਸਾਂ ਲਿਆਉਣ ਦਾ ਐਲਾਨ ਕੀਤਾ ਹੈ। ਬਸਪਾ ਨੇਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸ਼ਾਸਿਤ ਸੂਬਿਆਂ 'ਚ ਵੀ ਪ੍ਰਵਾਸੀ ਮਜ਼ਦੂਰਾਂ ਦੀ ਲਗਾਤਾਰ ਹੋ ਰਹੀ ਘੋਰ ਨਜ਼ਰ ਅੰਦਾਜ਼ੀ ਕਾਰਨ ਕਾਫੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਆਏ ਦਿਨ ਹਾਦਸਿਆਂ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਕਾਫੀ ਦਰਦਨਾਕ ਮੌਤਾਂ ਵੀ ਹੋ ਚੁੱਕੀਆਂ ਹਨ, ਜੋ ਕਿ ਬਹੁਤ ਦੁਖਦਾਈ ਹੈ। ਇਸ ਤੋਂ ਕਾਂਗਰਸੀ ਨੇਤਾਵਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ, ਕਿਉਂਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਕਾਫੀ ਪ੍ਰਵਾਸੀ ਮਜ਼ਦੂਰ ਲੋਕ, ਸਰਕਾਰ ਦੀ ਅਣਦੇਖੀ ਕਰ ਕੇ ਯਮੁਨਾ ਨਦੀ ਜ਼ਰੀਏ ਵੀ ਘਰ ਵਾਪਸੀ ਕਰ ਰਹੇ ਹਨ, ਜਿਨ੍ਹਾਂ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ।

ਮਾਇਆਵਤੀ ਨੇ ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਮਿਲਣ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਕਾਂਗਰਸੀ ਨੇਤਾ ਦਿੱਲੀ ਵਿਚ ਮਜ਼ਦੂਰਾਂ ਨੂੰ ਮਿਲਣ ਦੌਰਾਨ ਜੇਕਰ ਪ੍ਰਵਾਸੀ ਮਜ਼ਦੂਰਾਂ ਦੀ ਕੁਝ ਆਰਥਿਕ ਮਦਦ ਅਤੇ ਖਾਣ ਆਦਿ ਦੀ ਵਿਵਸਥਾ ਵੀ ਕਰ ਦਿੰਦੇ ਤਾਂ ਉਨ੍ਹਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲ ਜਾਂਦੀ। ਕਾਂਗਰਸ ਨੂੰ ਉਨ੍ਹਾਂ ਦੇ ਦੁੱਖ-ਦਰਦ ਨੂੰ ਵੰਡਣ ਦੇ ਨਾਲ-ਨਾਲ ਬਸਪਾ ਵਾਂਗ ਉਨ੍ਹਾਂ ਦੀ ਕੁਝ ਮਦਦ ਵੀ ਜ਼ਰੂਰ ਕਰਨੀ ਚਾਹੀਦੀ ਹੈ।


Tanu

Content Editor

Related News