ਭਾਰਤ ਤੇ ਅਮਰੀਕਾ ''ਚ ਪਹਿਲੇ ਵਾਂਗ ਸਹਿਣਸ਼ੀਲਤਾ ਨਹੀਂ ਰਹੀ : ਰਾਹੁਲ ਗਾਂਧੀ

06/12/2020 6:36:45 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਅਤੇ ਅਮਰੀਕਾ 'ਚ ਪਹਿਲੇ ਵਰਗੀ ਸਹਿਣਸ਼ੀਲਤਾ ਨਹੀਂ ਹੋਣ ਦਾ ਦਾਅਵਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਦੋਹਾਂ ਦੇਸ਼ਾਂ 'ਚ ਲੋਕਾਂ ਨੂੰ ਨਸਲ ਅਤੇ ਧਰਮ ਦੇ ਆਧਾਰ 'ਤੇ ਵੰਡਣ ਵਾਲੇ ਖੁਦ ਨੂੰ ਰਾਸ਼ਟਰਵਾਦੀ ਕਹਿ ਰਹੇ ਹਨ। ਅਮਰੀਕਾ ਦੇ ਸਾਬਕਾ ਡਿਪਲੋਮੈਟ ਨਿਕੋਲਸ ਬਰਨਸ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ 'ਚ ਰਾਹੁਲ ਨੇ ਇਹ ਵੀ ਕਿਹਾ ਕਿ ਕੋਵਿਡ-19 ਆਫ਼ਤ ਤੋਂ ਬਾਅਦ ਹੁਣ ਨਵੇਂ ਵਿਚਾਰਾਂ ਨੂੰ ਉਭਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਨਿਕੋਲਸ ਬਰਨਸ ਨੇ ਚੀਨ ਦੀ ਅਗਵਾਈ ਨੂੰ ਡਰ ਅਤੇ ਆਪਣੇ ਹੀ ਲੋਕਾਂ 'ਤੇ ਸ਼ਿਕੰਜਾ ਕੱਸਣ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਬੀਜਿੰਗ ਨਾਲ ਲੜਨ ਲਈ ਨਹੀਂ ਸਗੋਂ ਉਸ ਨੂੰ ਕਾਨੂੰਨ ਦੇ ਸ਼ਾਸਨ ਦਾ ਪਾਲਣ ਕਰਵਾਉਣ ਲਈ ਨਾਲ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਚੀਨ ਨਾਲ ਕੋਈ ਸੰਘਰਸ਼ ਨਹੀਂ ਸਗੋਂ ਵਿਚਾਰਾਂ ਦੀ ਲੜਾਈ ਹੈ ਅਤੇ ਭਾਰਤ ਤੇ ਅਮਰੀਕਾ ਨੂੰ ਦੁਨੀਆ 'ਚ ਮਨੁੱਖੀ ਆਜ਼ਾਦੀ, ਲੋਕਤੰਤਰ ਅਤੇ ਲੋਕ ਸ਼ਾਸਨ ਨੂੰ ਉਤਸ਼ਾਹ ਦੇਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ।

ਉਨ੍ਹਾਂ ਨਾਲ ਗੱਲਬਾਤ ਦੌਰਾਨ ਰਾਹੁਲ ਨੇ ਭਾਰਤ ਅਤੇ ਅਮਰੀਕਾ ਦੇ ਮੌਜੂਦਾ ਸੱਤਾਧਾਰੀ ਪੱਖਾਂ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ,''ਜਦੋਂ ਅਮਰੀਕਾ 'ਚ ਅਫਰੀਕੀ-ਅਮਰੀਕੀਆਂ, ਮੈਕਸੀਕਨ ਅਤੇ ਹੋਰ ਲੋਕਾਂ ਨੂੰ ਵੰਡਦੇ ਹੋ, ਉਸੇ ਤਰ੍ਹਾਂ ਭਾਰਤ 'ਚ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਵੰਡਦੇ ਹੋ ਤਾਂ ਤੁਸੀਂ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰ ਰਹੇ ਹੁੰਦੇ ਹੋ ਪਰ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰਨ ਵਾਲੇ ਇਹੀ ਲੋਕ ਖੁਦ ਨੂੰ ਰਾਸ਼ਟਰਵਾਦੀ ਕਹਿੰਦੇ ਹਨ।'' ਰਾਹੁਲ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਅਸੀਂ ਇਕੋ ਜਿਹੇ ਇਸ ਲਈ ਹਾਂ, ਕਿਉਂਕਿ ਅਸੀਂ ਸਹਿਣਸ਼ੀਲ ਹਾਂ। ਅਸੀਂ ਬਹੁਤ ਸਹਿਣਸ਼ੀਲ ਰਾਸ਼ਟਰ ਹਾਂ। ਸਾਡਾ ਡੀ.ਐੱਨ.ਏ. ਸਹਿਣਸ਼ੀਲ ਮੰਨਿਆ ਜਾਂਦਾ ਹੈ। ਅਸੀਂ ਨਵੇਂ ਵਿਚਾਰਾਂ ਨੂੰ ਸਵੀਕਾਰ ਕਰਨ ਵਾਲੇ ਹਾਂ। ਅਸੀਂ ਖੁੱਲ੍ਹੇ ਵਿਚਾਰਾਂ ਵਾਲੇ ਹਾਂ ਪਰ ਜ਼ਰੂਰੀ ਗੱਲ ਇਹ ਹੈ ਕਿ ਉਹ ਹੁਣ ਗਾਇਬ ਹੋ ਰਿਹਾ ਹੈ। ਇਹ ਕਾਫ਼ੀ ਦੁਖਦ ਹੈ ਕਿ ਮੈਂ ਹੁਣ ਉਸ ਪੱਧਰ ਦੀ ਸਹਿਣਸ਼ੀਲਤਾ ਨੂੰ ਨਹੀਂ ਦੇਖਦਾ, ਜੋ ਮੈਂ ਪਹਿਲੇ ਦੇਖਦਾ ਸੀ। ਇਹ ਦੋਵੇਂ ਹੀ ਦੇਸ਼ਾਂ 'ਚ ਨਹੀਂ ਦਿੱਸ ਰਹੀ।''

ਉਨ੍ਹਾਂ ਨੇ ਇਹ ਵੀ ਕਿਹਾ,''ਮੈਨੂੰ 100 ਫੀਸਦੀ ਉਮੀਦ ਹੈ, ਕਿਉਂਕਿ ਮੈਂ ਆਪਣੇ ਦੇਸ਼ ਦੇ ਡੀ.ਐੱਨ.ਏ. ਨੂੰ ਸਮਝਦਾ ਹਾਂ। ਮੈਂ ਜਾਣਦਾ ਹਾਂ ਕਿ ਹਜ਼ਾਰਾਂ ਸਾਲਾਂ ਤੋਂ ਮੇਰੇ ਦੇਸ਼ ਦਾ ਡੀ.ਐੱਨ.ਏ. ਇਕ ਤਰ੍ਹਾਂ ਦਾ ਹੈ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਹਾਂ ਅਸੀਂ ਇਕ ਖਰਾਬ ਦੌਰ 'ਚੋਂ ਲੰਘ ਰਹੇ ਹਾਂ। ਮੈਂ ਕੋਵਿਡ ਤੋਂ ਬਾਅਦ ਨਵੇਂ ਵਿਚਾਰਾਂ ਅਤੇ ਨਵੇਂ ਤਰੀਕਿਆਂ ਨੂੰ ਉਭਰਦੇ ਹੋਏ ਦੇਖ ਰਿਹਾ ਹਾਂ। ਮੈਂ ਲੋਕਾਂ ਨੂੰ ਪਹਿਲੇ ਦੀ ਤੁਲਨਾ 'ਚ ਇਕ-ਦੂਜੇ ਦਾ ਬਹੁਤ ਵਧ ਸਹਿਯੋਗ ਕਰਦੇ ਹੋਏ ਦੇਖ ਸਕਦਾ ਹਾਂ।'' ਇਸ ਦੌਰਾਨ ਰਾਹੁਲ ਗਾਂਧੀ ਨੇ ਭਾਰਤ ਅਤੇ ਅਮਰੀਕਾ 'ਚ ਪਹਿਲੇ ਵਰਗੀ ਸਹਿਣਸ਼ੀਲਤਾ ਨਹੀਂ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਪਹਿਲਾਂ ਸਾਂਝੇਦਾਰੀ ਵਾਲੇ ਸੰਬੰਧ ਸਨ ਪਰ ਹੁਣ ਇਹ ਲੈਣ-ਦੇਣ ਵਾਲੇ ਜ਼ਿਆਦਾ ਹੋ ਗਏ ਹਨ।

ਬਰਨਸ ਨੇ ਕੋਰੋਨਾ ਵਾਇਰਸ ਨਾਲ ਜੁੜੀ ਆਫ਼ਤ ਕਾਰਨ ਦੁਨੀਆ 'ਚ ਸ਼ਕਤੀ ਸੰਤੁਲਨ 'ਚ ਵਿਆਪਕ ਤਬਦੀਲੀ ਦੀ ਧਾਰਨਾ ਨੂੰ ਖਾਰਜ ਕਰਦੇ ਹੋਏ ਕਿਹਾ,''ਲੋਕ ਕਹਿੰਦੇ ਹਨ ਕਿ ਚੀਨ ਅੱਗੇ ਨਿਕਲਣ ਵਾਲਾ ਹੈ। ਮੈਂ ਅਜਿਹਾ ਨਹੀਂ ਦੇਖਦਾ। ਚੀਨ ਇਕ ਵੱਡੀ ਸ਼ਕਤੀ ਹਾਲੇ ਵੀ ਹੈ ਪਰ ਉਹ ਹੁਣ ਤੱਕ ਫੌਜ, ਆਰਥਿਕ ਅਤੇ ਸਿਆਸੀ ਰੂਪ ਨਾਲ ਅਮਰੀਕਾ ਦੇ ਬਰਾਬਰ ਨਹੀਂ ਹੋਇਆ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਅੱਗੇ ਵਧ ਰਿਹਾ ਹੈ।'' ਉਨ੍ਹਾਂ ਅਨੁਸਾਰ ਚੀਨ 'ਚ ਜੋ ਕਮੀ ਹੈ, ਉਹ ਇਹ ਹੈ ਕਿ ਉੱਥੇ ਭਾਰਤ ਅਤੇ ਅਮਰੀਕਾ ਵਰਗੇ ਲੋਕਤੰਤਰੀ ਦੇਸ਼ਾਂ ਦੀ ਤਰ੍ਹਾਂ ਲਚੀਲਾਪਣ ਅਤੇ ਖੁੱਲ੍ਹਾਪਣ ਨਹੀਂ ਹੈ। ਬਰਨਸ ਨੇ ਕਿਹਾ,''ਚੀਨ ਕੋਲ ਇਕ ਡਰਾਉਣ ਵਾਲੀ ਲੀਡਰਸ਼ਿਪ ਹੈ, ਜੋ ਆਪਣੇ ਹੀ ਨਾਗਰਿਕਾਂ 'ਤੇ ਸ਼ਿਕੰਜਾ ਕੱਸ ਕੇ ਆਪਣੀ ਸ਼ਕਤੀ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰਦਾ ਹੈ।''

ਉਨ੍ਹਾਂ ਕਿਹਾ,''ਮੈਨੂੰ ਲੱਗਦਾ ਹੈ ਕਿ ਭਾਰਤ ਅਤੇ ਅਮਰੀਕਾ ਇਕੱਠੇ ਕੰਮ ਕਰ ਸਕਦੇ ਹਨ। ਚੀਨ ਨਾਲ ਲੜਨ ਲਈ, ਸਗੋਂ ਉਸ ਕਾਨੂੰਨ ਦੇ ਸ਼ਾਸਨ ਦਾ ਪਾਲਣ ਕਰਵਾਉਣ ਲਈ ਨਾਲ ਕੰਮ ਕਰ ਸਕਦੇ ਹਨ।'' ਹਾਵਰਡ ਕੈਨੇਡੀ ਸਕੂਲ ਦੇ ਪ੍ਰੋਫੈਸਰ ਬਰਨਸ ਨੇ ਭਾਰਤੀ ਨਾਗਰਿਕਾਂ ਲਈ ਐੱਚ1 ਬੀ ਵੀਜ਼ਾ 'ਚ ਕਮੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ,''ਇੰਨੀਂ ਦਿਨੀਂ ਐੱਚ1 ਬੀ ਵੀਜ਼ਾ 'ਤੇ ਆਉਣ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ। ਅਮਰੀਕਾ ਕੋਲ ਉੱਚਿਤ ਇੰਜੀਨੀਅਰ ਨਹੀਂ ਹਨ। ਇਹ ਭਾਰਤ ਤੋਂ ਸਾਨੂੰ ਮਿਲ ਸਕਦੇ ਹਨ। ਸਾਨੂੰ ਇਸ ਨੂੰ ਉਤਸ਼ਾਹ ਦੇਣਾ ਹੋਵੇਗਾ।'' ਕੋਰੋਨਾ ਸੰਕਟ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਇਹ ਮੌਕਾ ਸੀ ਕਿ ਜੀ-20 ਮਿਲ ਕੇ ਕੰਮ ਕਰਦੇ। ਇਸ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੰਮ ਕਰਦੇ। ਪਰ ਅਜਿਹਾ ਨਹੀਂ ਹੋਇਆ। ਬਰਨਸ ਨੇ ਕਿਹਾ,''ਮੈਂ ਆਸ ਕਰਦਾ ਹਾਂ ਕਿ ਅਗਲਾ ਕੋਈ ਅਜਿਹਾ ਸੰਕਟ ਆਉਣ 'ਤੇ ਅਸੀਂ ਉਸ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਾਂਗੇ।''


DIsha

Content Editor

Related News