ਅਸੰਗਠਿਤ ਖੇਤਰ ਦੀ ਕਮਰ ਤੋੜ ਕੇ ਸਰਕਾਰ ਨੇ ਅਰਥ ਵਿਵਸਥਾ ਨੂੰ ਕੀਤਾ ਤਬਾਹ : ਰਾਹੁਲ ਗਾਂਧੀ

08/31/2020 1:17:21 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੂੰ ਕਟਘਰੇ 'ਚ ਖੜ੍ਹਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਉਸ ਨੇ ਅਸੰਗਠਿਤ ਖੇਤਰ 'ਤੇ ਵਾਰ ਕਰ ਕੇ ਦੇਸ਼ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਦਿੱਤਾ ਹੈ। ਰਾਹੁਲ ਨੇ ਸੋਮਵਾਰ ਨੂੰ ਇੱਥੇ ਜਾਰੀ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਅਰਥ ਵਿਵਸਥਾ 'ਤੇ ਇਹ ਹਮਲਾ ਸੋਚੀ ਸਮਝੀ ਰਣਨੀਤੀ ਦੇ ਅਧੀਨ ਕੀਤਾ ਗਿਆ ਹੈ ਅਤੇ ਇਸ ਦਾ ਮਕਸਦ ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੀ ਦੇਸ਼ ਦੀ ਵੱਡੀ ਆਬਾਦੀ ਨੂੰ ਗੁਲਾਮ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੰਗਠਿਤ ਖੇਤਰ ਦੇਸ਼ 'ਚ 90 ਫੀਸਦੀ ਤੋਂ ਵੱਧ ਆਬਾਦੀ ਨੂੰ ਰੋਜ਼ਗਾਰ ਦਿੰਦਾ ਹੈ ਪਰ ਮੋਦੀ ਸਰਕਾਰ ਰੋਜ਼ਗਾਰ ਪੈਦਾ ਕਰਨ ਵਾਲੇ ਖੇਤਰ ਨੂੰ ਜਾਣਬੁੱਝ ਕੇ ਤਬਾਹ ਕਰ ਰਹੀ ਹੈ। ਉਨ੍ਹਾਂ ਨੇ ਇਸ ਨੂੰ ਇਕ ਸਾਜਿਸ਼ ਦੱਸਿਆ ਅਤੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਹੈ ਅਤੇ ਇਸ ਦੀ ਪਛਾਣ ਕਰ ਕੇ ਸਾਰਿਆਂ ਨੂੰ ਇਸ ਵਿਰੁੱਧ ਲੜਨਾ ਪਵੇਗਾ। ਭਾਰਤ ਦੇ ਸੰਦਰਭ 'ਚ ਅਸੰਗਠਿਤ ਖੇਤਰ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੇ 2008 ਦੇ ਜ਼ਬਰਦਸਤ ਆਰਥਿਕ ਤੂਫ਼ਾਨ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਸ ਦੌਰ 'ਚ ਅਮਰੀਕਾ, ਜਾਪਾਨ, ਚੀਨ ਸਮੇਤ ਪੂਰੀ ਦੁਨੀਆ ਦੇ ਬੈਂਕ ਡਿੱਗ ਗਏ, ਬੰਦ ਹੋਣ 'ਚ ਇਕ ਤੋਂ ਬਾਅਦ ਇਕ ਕੰਪਨੀਆਂ ਦੀ ਲਾਈਨ ਲੱਗ ਗਈ, ਯੂਰਪ 'ਚ ਬੈਂਕ ਡਿੱਗੇ ਪਰ ਭਾਰਤ 'ਚ ਇਸ ਮੰਦੀ ਦਾ ਅਸਰ ਨਹੀਂ ਹੋਇਆ।

ਰਾਹੁਲ ਨੇ ਕਿਹਾ ਕਿ ਇਸ ਦਾ ਕਾਰਨ ਸਮਝਣ ਲਈ ਉਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲੇ। ਉਨ੍ਹਾਂ ਨੇ ਕਿਹਾ,''ਮੈਂ ਥੋੜ੍ਹਾ ਹੈਰਾਨ ਹੋ ਕੇ ਪੁੱਛਿਆ, ਮਨਮੋਹਨ ਸਿੰਘ ਜੀ ਦੱਸੋ, ਤੁਸੀਂ ਇਨ੍ਹਾਂ ਗੱਲਾਂ ਨੂੰ ਸਮਝਦੇ ਹੋ। ਪੂਰੀ ਦੁਨੀਆ 'ਚ ਆਰਥਿਕ ਨੁਕਸਾਨ ਹੋਇਆ ਹੈ ਪਰ ਹਿੰਦੁਸਤਾਨ 'ਚ ਕੋਈ ਅਸਰ ਨਹੀਂ ਹੋਇਆ, ਕਾਰਨ ਕੀ ਹੈ। ਮਨਮੋਹਨ ਸਿੰਘ ਜੀ ਨੇ ਕਿਹਾ ਰਾਹੁਲ ਜੇਕਰ ਹਿੰਦੁਸਤਾਨ ਦੀ ਅਰਥ ਵਿਵਸਥਾ ਨੂੰ ਸਮਝਣਾ ਚਾਹੁੰਦੇ ਹੋ ਤਾਂ ਇਹ ਸਮਝਣਾ ਹੋਵੇਗਾ ਕਿ ਹਿੰਦੁਸਤਾਨ 'ਚ 2 ਅਰਥ ਵਿਵਸਥਾਵਾਂ ਹਨ- ਪਹਿਲੀ ਅਸੰਗਠਿਤ ਅਰਥ ਵਿਵਸਥਾ ਅਤੇ ਦੂਜੀ ਸੰਗਠਿਤ ਅਰਥ ਵਿਵਸਥਾ। ਸੰਗਠਿਤ 'ਚ ਵੱਡੀਆਂ ਕੰਪਨੀਆਂ ਤਾਂ ਤੁਸੀਂ ਜਾਣਦੇ ਹੋ, ਅਸੰਗਠਿਤ ਵਿਵਸਥਾ 'ਚ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ, ਮੱਧਮ ਸ਼੍ਰੇਣੀ ਦੀਆਂ ਕੰਪਨੀਆਂ ਹਨ।''

ਕਾਂਗਰਸ ਨੇਤਾ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਦੱਸਿਆ,''ਜਿਸ ਦਿਨ ਤੱਕ ਹਿੰਦੁਸਤਾਨ ਦਾ ਅਸੰਗਠਿਤ ਸਿਸਟਮ ਮਜ਼ਬੂਤ ਹੈ, ਉਸ ਦਿਨ ਤੱਕ ਹਿੰਦੁਸਤਾਨ ਨੂੰ ਕੋਈ ਵੀ ਆਰਥਿਕ ਤੂਫ਼ਾਨ ਛੂਹ ਨਹੀਂ ਸਕਦਾ।'' ਰਾਹੁਲ ਨੇ ਕਿਹਾ ਕਿ ਅੱਜ ਸਥਿਤੀ ਬਦਲ ਗਈ ਹੈ। ਪਿਛਲੇ 6 ਸਾਲ 'ਚ ਅਸੰਗਠਿਤ ਵਿਵਸਥਾ 'ਤੇ ਹਮਲਾ ਕੀਤਾ ਗਿਆ ਹੈ। ਇਸ ਦੇ ਤਿੰਨ ਵੱਡੇ ਉਦਾਹਰਣ ਨੋਟਬੰਦੀ, ਗਲਤ ਜੀ.ਐੱਸ.ਟੀ. ਅਤੇ ਤਾਲਾਬੰਦੀ। ਇਨ੍ਹਾਂ ਤਿੰਨਾਂ ਨੇ ਇਸ ਖੇਤਰ ਨੂੰ ਜ਼ਬਰਦਸਤ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ,''ਤਾਲਾਬੰਦੀ ਦੇ ਪਿੱਛੇ ਸੋਚ ਨਹੀਂ ਸੀ। ਇਹ ਨਾ ਸੋਚੋ ਕਿ ਆਖਰੀ ਮਿੰਟ 'ਤੇ ਤਾਲਾਬੰਦੀ ਕਰ ਦਿੱਤੀ ਗਈ। ਇਨ੍ਹਾਂ ਤਿੰਨਾਂ ਦਾ ਟੀਚਾ ਸਾਡੀ ਇਨਫਾਰਮਲ ਸੈਕਟਰ ਨੂੰ ਤਬਾਹ ਕਰਨਾ ਹੈ।''


DIsha

Content Editor

Related News