ਮੋਦੀ ਜੀ ਦਾ ਵਾਅਦਾ ਸੀ 21 ਦਿਨਾਂ 'ਚ ਕੋਰੋਨਾ ਖਤਮ ਕਰਨ ਦਾ, ਇੱਥੇ ਤਾਂ ਰੁਜ਼ਗਾਰ ਖਤਮ ਹੋ ਗਏ : ਰਾਹੁਲ ਗਾਂਧੀ

Wednesday, Sep 09, 2020 - 12:58 PM (IST)

ਮੋਦੀ ਜੀ ਦਾ ਵਾਅਦਾ ਸੀ 21 ਦਿਨਾਂ 'ਚ ਕੋਰੋਨਾ ਖਤਮ ਕਰਨ ਦਾ, ਇੱਥੇ ਤਾਂ ਰੁਜ਼ਗਾਰ ਖਤਮ ਹੋ ਗਏ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਆਫ਼ਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਅਚਾਨਕ ਲਗਾਈ ਗਈ ਤਾਲਾਬੰਦੀ ਦੇਸ਼ ਦੇ ਨੌਜਵਾਨਾਂ ਦੇ ਭਵਿੱਖ, ਗਰੀਬਾਂ ਅਤੇ ਅਸੰਗਠਿਤ ਅਰਥ ਵਿਵਸਥਾ 'ਤੇ ਹਮਲਾ ਸੀ। ਰਾਹੁਲ ਨੇ ਵੀਡੀਓ ਜਾਰੀ ਕਰ ਕੇ ਇਹ ਵੀ ਕਿਹਾ ਕਿ ਇਸ ਹਮਲੇ ਵਿਰੁੱਧ ਲੋਕਾਂ ਨੂੰ ਖੜ੍ਹਾ ਹੋਣਾ ਪਵੇਗਾ। ਕਾਂਗਰਸ ਨੇਤਾ ਨੇ ਟਵੀਟ ਕਰ ਕੇ ਦੋਸ਼ ਲਗਾਇਆ ਕਿ ਇਹ ਤਾਲਾਬੰਦੀ ਦੇਸ਼ ਦੇ ਅਸੰਗਠਿਤ ਵਰਗ ਲਈ 'ਮੌਤ ਦੀ ਸਜ਼ਾ' ਸਾਬਤ ਹੋਇਆ। ਕਾਂਗਰਸ ਨੇਤਾ ਨੇ ਵੀਡੀਓ 'ਚ ਕਿਹਾ,''ਕੋਰੋਨਾ ਦੇ ਨਾਂ 'ਤੇ ਜੋ ਕੀਤਾ ਗਿਆ ਉਹ ਅਸੰਗਠਿਤ ਖੇਤਰ 'ਤੇ ਤੀਜਾ ਹਮਲਾ ਸੀ। ਗਰੀਬ ਲੋਕ, ਛੋਟੇ ਅਤੇ ਮੱਧਮ ਕਾਰੋਬਾਰੀ ਰੋਜ਼ ਕਮਾਉਂਦੇ ਹਨ ਅਤੇ ਰੋਜ਼ ਖਾਂਦੇ ਹਨ। ਪਰ ਤੁਸੀਂ ਬਿਨਾਂ ਕਿਸੇ ਨੋਟਿਸ ਦੇ ਤਾਲਾਬੰਦੀ ਕੀਤੀ, ਤੁਸੀਂ ਇਨ੍ਹਾਂ ਦੇ ਉੱਪਰ ਹਮਲਾ ਕੀਤਾ।''

ਉਨ੍ਹਾਂ ਨੇ ਦਾਅਵਾ ਕੀਤਾ,''ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ 21 ਦਿਨ ਦੀ ਲੜਾਈ ਹੋਵੇਗੀ। ਅਸੰਗਠਿਤ ਖੇਤਰ ਦੇ ਰੀੜ੍ਹ ਦੀ ਹੱਡੀ 21 ਦਿਨ 'ਚ ਹੀ ਟੁੱਟ ਗਈ।'' ਉਨ੍ਹਾਂ ਅਨੁਸਾਰ,''ਜਦੋਂ ਤਾਲਾਬੰਦੀ ਦੇ ਖੁੱਲ੍ਹਣ ਦਾ ਸਮਾਂ ਆਇਆ ਤਾਂ ਕਾਂਗਰਸ ਪਾਰਟੀ ਨੇ ਇਕ ਵਾਰ ਨਹੀਂ, ਕਈ ਵਾਰ ਸਰਕਾਰ ਨੂੰ ਕਿਹਾ ਕਿ ਗਰੀਬਾਂ ਦੀ ਮਦਦ ਕਰਨੀ ਹੀ ਪਵੇਗੀ, ਨਿਆਂ ਯੋਜਨਾ ਵਰਗੀ ਇਕ ਯੋਜਨਾ ਲਾਗੂ ਕਰਨੀ ਪਵੇਗੀ, ਬੈਂਕ ਖਾਤਿਆਂ 'ਚ ਸਿੱਧਾ ਪੈਸਾ ਪਾਉਣਾ ਪਵੇਗਾ। ਪਰ ਸਰਕਾਰ ਨੇ ਇਹ ਨਹੀਂ ਕੀਤਾ।''

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਗਾਇਆ,''ਅਸੀਂ ਕਿਹਾ ਕਿ ਲਘੁ ਅਤੇ ਮੱਧਮ ਪੱਧਰ ਦੇ ਕਾਰੋਬਾਰਾਂ ਲਈ ਤੁਸੀਂ ਇਕ ਪੈਕੇਜ ਤਿਆਰ ਕਰੋ, ਉਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਸਰਕਾਰ ਨੇ ਕੁਝ ਨਹੀਂ ਕੀਤਾ, ਉਲਟ ਸਰਕਾਰ ਨੇ ਸਭ ਤੋਂ ਅਮੀਰ 15-20 ਲੋਕਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਟੈਕਸ ਮੁਆਫ਼ ਕੀਤਾ।'' ਰਾਹੁਲ ਨੇ ਦਾਅਵਾ ਕੀਤਾ ਕਿ ਤਾਲਾਬੰਦੀ ਕੋਰੋਨਾ 'ਤੇ ਹਮਲਾ ਨਹੀਂ ਸੀ, ਸਗੋਂ ਇਹ ਹਿੰਦੁਸਤਾਨ ਦੇ ਗਰੀਬਾਂ, ਨੌਜਵਾਨਾਂ ਦੇ ਭਵਿੱਖ, ਮਜ਼ਦੂਰ ਕਿਸਾਨ ਅਤੇ ਛੋਟੇ ਵਪਾਰੀਆਂ ਅਤੇ ਅਸੰਗਠਿਤ ਅਰਥ ਵਿਵਸਥਾ 'ਤੇ ਹਮਲਾ ਸੀ। ਉਨ੍ਹਾਂ ਨੇ ਕਿਹਾ,''ਸਾਨੂੰ ਇਸ ਗੱਲ ਨੂੰ ਸਮਝਣਾ ਹੋਵੇਗਾ ਅਤੇ ਇਸ ਹਮਲੇ ਵਿਰੁੱਧ ਸਾਨੂੰ ਸਾਰਿਆਂ ਨੂੰ ਖੜ੍ਹਾ ਹੋਣਾ ਹੋਵੇਗਾ।''


author

DIsha

Content Editor

Related News