ਹੜ੍ਹ ਪੀੜਤਾਂ ਲਈ ਅੱਗੇ ਆਏ ਰਾਹੁਲ ਗਾਂਧੀ, ਬੋਲੇ- ਪੂਰਾ ਦੇਸ਼ ਆਸਾਮ ਨਾਲ
Saturday, Jul 18, 2020 - 11:20 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਿਆਨਕ ਹੜ੍ਹ ਦੇ ਕਹਿਰ ਨਾਲ ਜੂਝ ਰਹੇ ਆਸਾਮ ਦੇ ਲੋਕਾਂ ਨਾਲ ਇਕਜੁਟਤਾ ਦਿਖਾਉਂਦੇ ਹੋਏ ਪਾਰਟੀ ਵਰਕਰਾਂ ਨੂੰ ਪੀੜਤਾਂ ਦੀ ਮਦਦ ਦੀ ਅਪੀਲ ਕੀਤੀ ਹੈ। ਰਾਹੁਲ ਨੇ ਟਵੀਟ ਕੀਤਾ,''ਪੂਰਾ ਦੇਸ਼ ਆਸਾਮ ਨਾਲ ਹੈ। ਆਸਾਮ ਦੇ ਲੋਕ ਆਪਣੇ ਹਿੰਮਤੀ ਸੁਭਾਅ ਨਾਲ ਇਸ ਮੁਸੀਬਤ ਦਾ ਡਟ ਕੇ ਸਾਹਮਣਾ ਕਰ ਰਹੇ ਹਨ ਅਤੇ ਇਸ ਆਫ਼ਤ ਤੋਂ ਉੱਭਰ ਆਉਣਗੇ।'' ਉਨ੍ਹਾਂ ਨੇ ਪਾਰਟੀ ਦੇ ਵਰਕਰਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਦੀ ਅਪੀਲ ਕੀਤੀ ਅਤੇ ਕਿਹਾ,''ਕਾਂਗਰਸ ਵਰਕਰਾਂ ਨੂੰ ਅਪੀਲ ਹੈ ਕਿ ਪੀੜਤਾਂ ਦੀ ਹਰ ਸੰਭਵ ਮਦਦ ਦਾ ਹੱਥ ਵਧਾਉਣ।'' ਉਨ੍ਹਾਂ ਨੇ ਇਕ ਵੀਡੀਓ ਵੀ ਪੋਸਟ ਕੀਤਾ ਹੈ, ਜਿਸ 'ਚ ਹੜ੍ਹ ਦੇ ਕਹਿਰ ਦੇ ਦ੍ਰਿਸ਼ਾਂ 'ਚ ਆਸਾਮ ਦੇ ਪਿੰਡ ਪਾਣੀ 'ਚ ਡੁੱਬੇ ਇਲਾਕਿਆਂ ਤੋਂ ਆਪਣੇ ਸਾਮਾਨ ਨਾਲ ਸੁਰੱਖਿਅਤ ਥਾਂਵਾਂ ਵੱਲ ਜਾਂਦੇ ਨਜ਼ਰ ਆ ਰਹੇ ਹਨ।
ਆਸਾਮ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੂਬੇ ਦੇ 28 ਜ਼ਿਲ੍ਹਿਆਂ 'ਚ ਕਰੀਬ 36 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। ਅਧਿਕਾਰਤ ਸੂਚਨਾ 'ਚ ਕਿਹਾ ਗਿਆ ਹੈ ਕਿ ਇਸ ਸਾਲ ਸੂਬੇ 'ਚ ਹੜ੍ਹ ਅਤੇ ਜ਼ਮੀਨ ਖਿੱਸਕਣ 'ਚ ਜਾਨ ਗਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 102 ਹੋ ਗਈ ਹੈ। 76 ਲੋਕਾਂ ਦੀ ਮੌਤ ਹੜ੍ਹ ਨਾਲ ਜੁੜੀਆਂ ਘਟਨਾਵਾਂ ਨਾਲ ਹੋਈ ਹੈ, ਜਦੋਂ ਕਿ 26 ਲੋਕਾਂ ਦੀ ਮੌਤ ਜ਼ਮੀਨ ਖਿੱਸਕਣ ਨਾਲ ਹੋਈ ਹੈ।