ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ: ਤਿਵਾੜੀ, ਥਰੂਰ, ਕਾਰਤੀ ਨੇ ਕੀਤੀ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਦੀ ਮੰਗ
Thursday, Sep 01, 2022 - 11:46 AM (IST)
ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਸੰਸਦ ਮੈਂਬਰਾਂ ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਕਾਰਤੀ ਚਿਦਾਂਬਰਮ ਨੇ ਪਾਰਟੀ ਪ੍ਰਧਾਨ ਦੀ ਚੋਣ ਨਾਲ ਜੁੜੀ ਚੋਣ ਮੰਡਲ (ਡੈਲੀਗੇਟਾਂ) ਦੀ ਸੂਚੀ ਜਨਤਕ ਨਾ ਕੀਤੇ ਜਾਣ ’ਤੇ ਸਵਾਲ ਖੜ੍ਹੇ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਚੋਣ ਨਾਲ ਸੰਬੰਧਤ ਪੂਰੀ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ। ਤਿਵਾੜੀ ਨੇ ਕਿਹਾ ਕਿ ਚੋਣ ਮੰਡਲ ਦੀ ਸੂਚੀ ਪਾਰਟੀ ਦੀ ਵੈੱਬਸਾਈਟ ’ਤੇ ਪਾਈ ਜਾਵੇ।
ਦੂਜੇ ਪਾਸੇ ਮਿਸਤਰੀ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਅਹੁਦੇ ਦੀ ਚੋਣ ਨਾਲ ਜੁੜੀ ਪੂਰੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਕਾਂਗਰਸ ਦੇ ਸੰਵਿਧਾਨ ਮੁਤਾਬਕ ਹੈ ਅਤੇ ਚੋਣ ਮੰਡਲ ਦੀ ਸੂਚੀ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਪਰ ਉਮੀਦਵਾਰਾਂ ਨੂੰ ਇਹ ਮੁਹੱਈਆ ਕਰਵਾ ਦਿੱਤੀ ਜਾਵੇਗੀ। ਲੋਕ ਸਭਾ ਮੈਂਬਰ ਤਿਵਾੜੀ ਨੇ ਟਵੀਟ ਕੀਤਾ ਕਿ ਮਧੂਸੂਦਨ ਮਿਸਤਰੀ ਜੀ ਕੋਲੋਂ ਪੂਰੇ ਸਨਮਾਨ ਨਾਲ ਪੁੱਛਣਾ ਚਾਹੁੰਦਾ ਹਾਂ ਕਿ ਚੋਣ ਸੂਚੀ ਦੇ ਜਨਤਕ ਰੂਪ ਵਿਚ ਮੁਹੱਈਆ ਹੋਏ ਬਿਨਾਂ ਨਿਰਪੱਖ ਅਤੇ ਸੁਤੰਤਰ ਚੋਣ ਕਿਵੇਂ ਹੋ ਸਕਦੀ ਹੈ? ਨਿਰਪੱਖ ਅਤੇ ਸੁਤੰਤਰ ਚੋਣ ਦਾ ਆਧਾਰ ਇਹੀ ਹੈ ਕਿ ਨੁਮਾਇੰਦਿਆਂ ਦੇ ਨਾਂ ਅਤੇ ਪਤੇ ਕਾਂਗਰਸ ਪਾਰਟੀ ਦੀ ਵੈੱਬਸਾਈਟ ’ਤੇ ਪਾਰਦਰਸ਼ੀ ਤਰੀਕੇ ਨਾਲ ਪ੍ਰਕਾਸ਼ਿਤ ਹੋਣੇ ਚਾਹੀਦੇ ਹਨ।
ਤਿਵਾੜੀ ਨੇ ਕਿਹਾ ਕਿ ਇਹ 28 ਸੂਬਾ ਕਾਂਗਰਸ ਕਮੇਟੀ ਅਤੇ 8 ਖੇਤਰੀ ਕਾਂਗਰਸ ਕਮੇਟੀ ਦੀ ਚੋਣ ਨਹੀਂ ਹੈ। ਕੋਈ ਕਿਉਂ ਪੀ. ਸੀ. ਸੀ. ਦੇ ਦਫਤਰ ਜਾ ਕੇ ਪਤਾ ਕਰੇ ਕਿ ਨੁਮਾਇੰਦਾ ਕੌਣ ਹੈ? ਸਨਮਾਨ ਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਲੱਬ ਦੀਆਂ ਚੋਣਾਂ ਵਿਚ ਵੀ ਨਹੀਂ ਹੁੰਦਾ।
ਓਧਰ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਪਾਰਟੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਿਤਵਾੜੀ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਪੋਲਿੰਗ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਚੋਣ ਸੂਚੀ ਨੂੰ ਲੈ ਕੇ ਪਾਰਦਰਸ਼ਿਤਾ ਹੋਣੀ ਚਾਹੀਦੀ ਹੈ। ਜੇਕਰ ਮਨੀਸ਼ ਨੇ ਇਸ ਦੇ ਲਈ ਪੁੱਛਿਆ ਹੈ ਤਾਂ ਮੈਨੂੰ ਭਰੋਸਾ ਹੈ ਕਿ ਹਰ ਕੋਈ ਇਸ ਨਾਲ ਸਹਿਮਤ ਹੋਵੇਗਾ। ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦਾਂਬਰਮ ਨੇ ਵੀ ਤਿਵਾੜੀ ਦੀ ਰਾਏ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਹਰ ਚੋਣ ਲਈ ਚੰਗੀ ਤਰ੍ਹਾਂ ਪਰਿਭਾਸ਼ਿਤ ਚੋਣ ਮੰਡਲ ਹੋਣਾ ਚਾਹੀਦਾ ਹੈ।