ਸੰਸਦ ''ਚ ਮੇਰੀ ਆਵਾਜ਼ ਦਬਾਉਣ ਦੀ ਹੋਈ ਸਾਜਿਸ਼ : ਰਾਹੁਲ ਗਾਂਧੀ

02/07/2020 5:39:52 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੰਸਦ 'ਚ ਸ਼ੁੱਕਰਵਾਰ ਨੂੰ ਜੋ ਹੰਗਾਮਾ ਹੋਇਆ, ਉਸ ਦੀ ਸਾਜਿਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਚੀ ਸੀ ਤਾਂ ਕਿ ਉਨ੍ਹਾਂ ਨੂੰ ਸਰਕਾਰ ਤੋਂ ਸਵਾਲ ਪੁੱਛਣ ਤੋਂ ਰੋਕਿਆ ਜਾ ਸਕੇ। ਰਾਹੁਲ ਨੇ ਸੰਸਦ ਭਵਨ ਕੰਪਲੈਕਸ 'ਚ ਸ਼ੁੱਕਰਵਾਰ ਨੂੰ ਕਿਹਾ ਕਿ ਲੋਕ ਸਭਾ 'ਚ ਜੋ ਹੰਗਾਮਾ ਹੋਇਆ ਹੈ ਉਹ ਇਕ ਸਾਜਿਸ਼ ਦੇ ਅਧੀਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਇਕ ਸੋਚੀ ਸਮਝੀ ਰਣਨੀਤੀ ਦੇ ਅਧੀਨ ਸੰਸਦ 'ਚ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਕੰਮ ਕੀਤਾ ਹੈ। ਮੋਦੀ ਸਰਕਾਰ ਕੋਲ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਰਸਤਾ ਨਹੀਂ ਹੈ, ਇਸ ਲਈ ਸਰਕਾਰ ਸੰਸਦ 'ਚ ਇਸ ਮੁੱਦੇ 'ਤੇ ਬਹਿਸ ਨਹੀਂ ਚਾਹੁੰਦੀ ਹੈ।

ਕਾਂਗਰਸ ਨੇਤਾ ਨੇ ਕਿਹਾ ਕਿ ਸੰਸਦ 'ਚ ਉਨ੍ਹਾਂ ਦੀ ਆਵਾਜ਼ ਦਬਾਈ ਜਾ ਰਹੀ ਹੈ, ਇਸ ਲਈ ਉਹ ਆਪਣੀ ਗੱਲ ਮੀਡੀਆ ਦੇ ਮਾਧਿਅਮ ਨਾਲ ਕਹਿ ਰਹੇ ਹਨ। ਸੰਸਦ 'ਚ ਆਮ ਰੂਪ ਨਾਲ ਮੰਤਰੀ ਵਲੋਂ ਹਰ ਮੈਂਬਰ ਦੇ ਸਵਾਲ ਦਾ ਜਵਾਬ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਨਹੀਂ ਬੋਲਣ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਪਾ ਰਿਹਾ ਹੈ ਅਤੇ ਮੋਦੀ ਸਰਕਾਰ ਉਨ੍ਹਾਂ ਲਈ ਮੌਕੇ ਪੈਦਾ ਕਰਨ 'ਚ ਅਸਮਰੱਥ ਹੋ ਰਹੀ ਹੈ, ਇਸ ਲਈ ਸੰਸਦ 'ਚ ਇਹ ਡਰਾਮਾ ਕੀਤਾ ਗਿਆ। 

ਬਾਅਦ 'ਚ ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸੰਸਦ ਭਵਨ 'ਚ ਪਾਰਟੀ ਦੀ ਨਿਯਮਿਤ ਬ੍ਰੀਫਿੰਗ 'ਚ ਕਿਹਾ ਕਿ ਰਾਹੁਲ ਨੂੰ ਸੰਸਦ 'ਚ ਸਵਾਲ ਪੁੱਛਣ ਤੋਂ ਰੋਕਿਆ ਗਿਆ ਹੈ, ਇਸ ਲਈ ਪਾਰਟੀ ਦੇ ਨੇਤਾ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਇਸ ਸੰਬੰਧ 'ਚ ਉਨ੍ਹਾਂ ਦੇ ਕਮਰੇ 'ਚ ਮਿਲੇ ਅਤੇ ਸਿਹਤ ਮੰਤਰੀ ਹਰਸ਼ਵਰਧਨ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਵਤੀਰਾ ਬੇਹੱਦ ਦੁਖਦ ਸੀ, ਇਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਮੈਂਬਰਾਂ ਦਰਮਿਆਨ ਤਿੱਖੀ ਬਹਿਸ ਕਾਰਨ ਵਧੇ ਹੰਗਾਮੇ ਨੂੰ ਦੇਖਦੇ ਹੋਏ 2 ਵਾਰ ਦੇ ਮੁਅੱਤਲ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।


Related News