ਕਾਂਗਰਸ ਪਾਕਿਸਤਾਨ ਨਹੀਂ ਸ਼ਰਨਾਰਥੀਆਂ ਵਿਰੁੱਧ ਕਰ ਰਹੀ ਹੈ ਅੰਦੋਲਨ : PM ਮੋਦੀ

01/02/2020 4:01:47 PM

ਤੁਮਕੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਤੁਮਕੁਰ 'ਚ ਵੀਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਕਾਂਗਰਸ ਅਤੇ ਵਿਰੋਧੀ ਧਿਰ ਦੇ ਅੰਦੋਲਨ ਨੂੰ ਲੈ ਕੇ ਜੰਮ ਕੇ ਹਮਲਾ ਬੋਲਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਾਥੀ ਦਲ ਦੇਸ਼ ਦੀ ਸੰਸਦ ਵਿਰੁੱਧ ਹੀ ਮੈਦਾਨ 'ਚ ਉਤਰੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਹੀ ਸਾਡੀ ਸੰਸਦ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਮਨਜ਼ੂਰੀ ਦੇਣ ਦਾ ਇਤਿਹਾਸਕ ਕੰਮ ਕੀਤਾ ਹੈ ਪਰ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲ ਦੇਸ਼ 'ਚ ਸੰਸਦ ਵਿਰੁੱਧ ਅੰਦੋਲਨ ਕਰਨ 'ਚ ਜੁਟੇ ਹਨ।

ਪੀੜਤਾ ਵਿਰੁੱਧ ਹੀ ਅੰਦੋਲਨ ਕਰ ਰਹੇ ਹਨ
ਪੀ.ਐੱਮ. ਮੋਦੀ ਨੇ ਕਿਹਾ,''ਇਹ ਲੋਕ ਪਾਕਿਸਤਾਨ ਤੋਂ ਆਏ ਦਲਿਤਾਂ, ਪਿਛੜਿਆਂ ਵਿਰੁੱਧ ਹੀ ਅੰਦੋਲਨ ਕਰ ਰਹੇ ਹਨ। ਪਾਕਿਸਤਾਨ ਦਾ ਜਨਮ ਧਰਮ ਦੇ ਆਧਾਰ 'ਤੇ ਹੋਇਆ ਸੀ ਅਤੇ ਉਦੋਂ ਤੋਂ ਹੀ ਦੂਜੇ ਧਰਮਾਂ ਦੇ ਲੋਕਾਂ ਨਾਲ ਅੱਤਿਆਚਾਰ ਸ਼ੁਰੂ ਹੋ ਗਿਆ ਸੀ। ਸਮੇਂ ਦੇ ਨਾਲ ਪਾਕਿਸਤਾਨ 'ਚ ਹਿੰਦੂ, ਸਿੱਖ, ਜੈਨ, ਬੌਧ ਅਤੇ ਈਸਾਈਆਂ 'ਤੇ ਲਗਾਤਾਰ ਅੱਤਿਆਚਾਰ ਵਧਦਾ ਰਿਹਾ ਹੈ।'' ਮੋਦੀ ਨੇ ਕਿਹਾ ਕਿ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਭਾਰਤ ਆਉਣਾ ਪਿਆ ਹੈ। ਪਾਕਿਸਤਾਨ ਨੇ ਇਨ੍ਹਾਂ ਲੋਕਾਂ 'ਤੇ ਜ਼ੁਲਮ ਕੀਤਾ ਪਰ ਕਾਂਗਰਸ ਅਤੇ ਬਾਕੀ ਵਿਰੋਧੀ ਦਲ ਪਾਕਿਸਤਾਨ ਵਿਰੁੱਧ ਨਹੀਂ ਸਗੋਂ ਪੀੜਤਾ ਵਿਰੁੱਧ ਹੀ ਅੰਦੋਲਨ ਕਰ ਰਹੇ ਹਨ।

ਪਾਕਿਸਤਾਨ ਵਿਰੁੱਧ ਆਖਰ ਮੂੰਹ 'ਤੇ ਤਾਲੇ ਕਿਉਂ
ਉਨ੍ਹਾਂ ਨੇ ਕਿਹਾ,''ਸ਼ਰਨ ਲੈਣ ਆਏ ਲੋਕਾਂ ਵਿਰੁੱਧ ਜੁਲੂਸ ਕੱਢੇ ਜਾ ਰਹੇ ਹਨ ਪਰ ਜਿਸ ਪਾਕਿਸਤਾਨ ਨੇ ਉੱਥੋਂ ਦੇ ਘੱਟ ਗਿਣਤੀਆਂ 'ਤੇ ਅੱਤਿਆਚਾਰ ਕੀਤੇ, ਉਸ ਨੂੰ ਲੈ ਕੇ ਆਖਰ ਮੂੰਹ 'ਤੇ ਤਾਲੇ ਕਿਉਂ ਲੱਗ ਗਏ ਹਨ।'' ਪੀ.ਐੱਮ. ਮੋਦੀ ਨੇ ਕਿਹਾ,''ਸਾਡਾ ਇਹ ਫਰਜ਼ ਬਣਦਾ ਹੈ ਕਿ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੀ ਮਦਦ ਕਰਨਾ। ਸਾਡਾ ਫਰਜ ਹੈ ਕਿ ਪਾਕਿ ਤੋਂ ਆਏ ਹਿੰਦੂਆਂ ਅਤੇ ਉਨ੍ਹਾਂ 'ਚੋਂ ਵੀ ਜ਼ਿਆਦਾਤਰ ਦਲਿਤ ਲੋਕਾਂ ਨੂੰ ਅਸੀਂ ਉਨ੍ਹਾਂ ਦੇ ਨਸੀਬ 'ਤੇ ਨਹੀਂ ਛੱਡ ਸਕਦੇ।''

ਪਾਕਿਸਤਾਨ ਨੂੰ ਬੇਨਕਾਬ ਕਰਨ ਦੀ ਜ਼ਰੂਰਤ
ਪੀ.ਐੱਮ. ਮੋਦੀ ਨੇ ਕਿਹਾ ਕਿ ਪਾਕਿਸਤਾਨ ਤੋਂ ਆਏ ਸਿੱਖ, ਜੈਨ ਅਤੇ ਈਸਾਈ ਪਰਿਵਾਰਾਂ ਦੀ ਮਦਦ ਕਰੋ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਅੱਜ ਸੰਸਦ ਵਿਰੁੱਧ ਅੰਦੋਲਨ ਕਰ ਰਹੇ ਹਨ, ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਪਾਕਿਸਤਾਨ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਹੈ। ਅੰਦੋਲਨ ਕਨਰਾ ਹੀ ਹੈ ਤਾਂ ਤੁਹਾਡਾ ਪਾਕਿਸਤਾਨ ਦੇ ਪਿਛਲੇ 70 ਸਾਲਾਂ ਦੇ ਕਾਰਨਾਮਿਆਂ ਵਿਰੁੱਧ ਕਰਨਾ ਚਾਹੀਦਾ।

ਸੰਤ ਸ਼ਿਵ ਕੁਮਾਰ ਸਵਾਮੀ ਨੂੰ ਦਿੱਤੀ ਸ਼ਰਧਾਂਜਲੀ
ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਸ਼੍ਰੀ ਸਿੱਧਗੰਗਾ ਮਠ 'ਚ ਆਯੋਜਿਤ ਪ੍ਰੋਗਰਾਮ 'ਚ ਸੰਤ ਸ਼ਿਵ ਕੁਮਾਰ ਸਵਾਮੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਤਾਂ ਦੇ ਦਿਖਾਏ ਮਾਰਗ ਕਾਰਨ ਹੀ ਅਸੀਂ 21ਵੀਂ ਸਦੀ ਦੇ ਤੀਜੇ ਦਹਾਕੇ 'ਚ ਅਸੀਂ ਉਮੀਦ ਅਤੇ ਉਤਸ਼ਾਹ ਨਾਲ ਕਦਮ ਰੱਖੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਹਾਕੇ ਦੀ ਸ਼ੁਰੂਆਤ ਕਿਸ ਤਰ੍ਹਾਂ ਦੇ ਮਾਹੌਲ 'ਚ ਹੋਈ ਸੀ ਅਤੇ ਹੁਣ ਕੀ ਸਥਿਤੀ ਹੈ।


DIsha

Content Editor

Related News