ਪੰਜਾਬ ’ਚ ਗੰਨੇ ਦਾ ਭਾਅ ਵਧਾਉਣਾ ਕੈਪਟਨ ਦੀ ਚੁਣਾਵੀ ਰਿਸ਼ਵਤ, ਕਾਂਗਰਸ ਕਿਸਾਨ ਹਿਤੈਸ਼ੀ ਨਹੀਂ: ਧਨਖੜ
Sunday, Sep 12, 2021 - 12:23 PM (IST)
ਚੰਡੀਗੜ੍ਹ (ਧਰਨੀ)- ਹਰਿਆਣਾ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦਾ ਕਹਿਣਾ ਹੈ ਕਿ ਹਰਿਆਣਾ ’ਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਦੇਸ਼ ’ਚ ਗੰਨੇ ਦਾ ਭਾਅ ਸਭ ਤੋਂ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਗੁਆਂਢੀ ਸੂਬੇ ਪੰਜਾਬ ’ਚ ਕੈਪਟਨ ਸਰਕਾਰ ਨੇ 4 ਸਾਲ ਵਿਚ ਇਕ ਪੈਸਾ ਨਹੀਂ ਵਧਾਇਆ ਅਤੇ ਹੁਣ ਚੋਣਾਂ ਦੇ ਲਾਲਚ ਵਿਚ ਭਾਅ ਵਧਾ ਦਿੱਤੇ। ਧਨਖੜ ਨੇ ਕਿਹਾ ਕਿ ਮੈਂ ਇਸ ਨੂੰ ਚੁਣਾਵੀ ਰਿਸ਼ਵਤ ਕਹਿੰਦਾ ਹਾਂ। ਧਨਖੜ ਨੇ ‘ਪੰਜਾਬ ਕੇਸਰੀ’ ਨਾਲ ਖ਼ਾਸ ਗੱਲਬਾਤ ਦੌਰਾਨ ਇਹ ਗੱਲ ਆਖੀ। ਗੱਲਬਾਤ ਦੌਰਾਨ ਧਨਖੜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ ਜੇਕਰ ਉਹ ਸੱਚੇ ਕਿਸਾਨ ਹਿਤੈਸ਼ੀ ਹੁੰਦੇ ਤਾਂ ਹਰ ਸਾਲ ਭਾਅ ਵਧਾਉਂਦੇ ਜਿਵੇਂ ਹਰਿਆਣਾ ’ਚ ਵਧਾਏ ਗਏ। ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ 7 ਸਾਲਾਂ ਵਿਚ ਵਾਧਾ ਕੀਤਾ ਹੈ। ਹਰਿਆਣਾ ਆਪਣੇ ਕਿਸਾਨਾਂ ਨੂੰ ਗੰਨੇ ਦੇ ਭਾਅ ਦੇਣ ਵਿਚ ਸਭ ਤੋਂ ਉੱਪਰ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਅਸੀਂ 12 ਰੁਪਏ ਵਧਾਏ ਹਨ, ਜਿਸ ਨਾਲ ਪ੍ਰਤੀ ਏਕੜ 4800 ਰੁਪਏ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ।
ਕਿਸਾਨ ਅੰਦੋਲਨ ਦੇ ਸਵਾਲ ’ਤੇ ਧਨਖੜ ਨੇ ਕਿਹਾ ਕਿ ਅੰਦੋਲਨ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦਿਵਾਉਣ, ਤਿੰਨ ਖੇਤੀ ਕਾਨੂੰਨਾਂ ’ਚ ਸੁਧਾਰ ਦੀ ਮੰਗ ਨੂੰ ਲੈ ਕੇ ਸੀ ਪਰ ਬਾਅਦ ਵਿਚ ਇਹ ਪਲਟ ਗਏ ਅਤੇ ਕਾਨੂੰਨ ਰੱਦ ਕਰਨ ਦੀ ਮੰਗ ਰੱਖ ਦਿੱਤੀ, ਜਦਕਿ ਕੇਂਦਰ ਸਰਕਾਰ ਐੱਮ. ਐੱਸ. ਪੀ. ਦੇ ਮੁੱਦੇ ’ਤੇ ਕਮੇਟੀ ਬਣਾ ਕੇ ਵਿਚਾਰ ਕਰਨ ਲਈ ਤਿਆਰ ਸੀ ਪਰ ਗੱਲਬਾਤ ਨੂੰ ‘ਹਾਂ’ ਜਾਂ ‘ਨਾਂਹ’ ਦੀ ਜਿੱਦ ’ਤੇ ਤੋੜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਮਕਸਦ ਇਹ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਨੇ ਸਿਰਫ ਸਿਆਸੀ ਏਜੰਡਾ ਤਿਆਰ ਕਰਨਾ ਹੈ ਅਤੇ ਉਹ ਹੈ ਭਾਜਪਾ ਦਾ ਵਿਰੋਧ ਕਰਨਾ।
ਮੁਜ਼ੱਫਰਨਗਰ ਅਤੇ ਕਰਨਾਲ ਵਿਚ ਕਿਸਾਨ ਮੋਰਚਾ ਦੇ ਮੁੱਦੇ ’ਤੇ ਧਨਖੜ ਨੇ ਕਿਹਾ ਕਿ ਇਸ ਤਰ੍ਹਾਂ ਦੇ ਜੋ ਵੀ ਅੰਦੋਲਨ ਹਨ, ਉਹ ਸਾਰੇ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਇਸ ਅੰਦੋਲਨ ਵਿਚ ਜਨ ਹਾਨੀ ਅਤੇ ਧਨ ਹਾਨੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੋਨੀਪਤ ਅਤੇ ਬਹਾਦਰਗੜ੍ਹ ਦੇ ਆਲੇ-ਦੁਆਲੇ ਇਸ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਪਤਾ ਨਹੀਂ ਕਿੰਨੇ ਲੋਕ ਉੱਥੋਂ ਪਲਾਇਨ ਕਰ ਚੁੱਕੇ ਹਨ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਅੰਦੋਲਨ ਦੀ ਪ੍ਰਾਪਤੀ ਸਿਰਫ਼ ਭਾਜਪਾ ਦਾ ਵਿਰੋਧ ਕਰਨਾ ਹੈ। ਓਧਰ ਧਨਖੜ ਨੇ ਕਿਹਾ ਕਿ ਹੁੱਡਾ, ਸ਼ੈਲਜਾ, ਸੁਰਜੇਵਾਲਾ ਵਰਗੇ ਨੇਤਾ ਅੱਜ ਵੀ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਦੇ ਸਮੇਂ ਵਿਚ ਲੋਹਾਰੂ ਕਾਂਡ, ਕੰਡੇਲਾ ਕਾਂਡ ਹੋਏ, ਉਨ੍ਹਾਂ ਦਾ ਹਿਸਾਬ ਦੇਣ। ਇਹ ਪਹਿਲੀ ਸਰਕਾਰ ਹੈ, ਜਿਸ ’ਚ ਕਿਸਾਨ ਅੰਦੋਲਨ ਵਿਚ ਕੋਈ ਹਿੰਸਾ ਨਹੀਂ ਹੋਈ, ਸਗੋਂ ਕਿਸਾਨ ਅੰਦੋਲਨ ’ਚ ਬਿਜਲੀ ਅਤੇ ਸਫਾਈ ਵਿਵਸਥਾ ਦਾ ਉੱਚਿਤ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਖ਼ੁਦ ਹੱਥ ਜੋੜ ਕੇ ਨਿਕਲਣ ਦੀਆਂ ਕੋਸ਼ਿਸ਼ਾਂ ਵਿਚ ਰਹੇ, ਸਾਡੇ ਜਿੰਨਾ ਸੰਜਮ ਕਦੇ ਕਿਸੇ ਨੇ ਨਹੀਂ ਵਿਖਾਇਆ ਹੋਵੇਗਾ।
ਧਨਖੜ ਨੇ ਅੱਗੇ ਕਿਹਾ ਕਿ ਕਰਨਾਲ ਘਟਨਾ ਦੀ ਜਾਂਚ ਦੇ ਆਦੇਸ਼ ਕਰ ਦਿੱਤੇ ਗਏ ਹਨ। ਲਾਠੀਚਾਰਜ ਨਹੀਂ ਹੋਣਾ ਚਾਹੀਦਾ ਸੀ ਪਰ ਕਿਸੇ ਦੇ ਮੂਲ ਅਧਿਕਾਰਾਂ ਨੂੰ ਖੋਹਣ ਦਾ ਅਧਿਕਾਰ ਵੀ ਕਿਸੇ ਕੋਲ ਨਹੀਂ ਹੈ। ਜੇਕਰ ਪੁਲਸ ਵਲੋਂ ਕਾਰਵਾਈ ਕਰਨਾ ਗਲਤ ਹੈ ਤਾਂ ਇਹ ਘਟਨਾ ਵੀ ਓਨੀ ਹੀ ਗਲਤ ਹੈ ਕਿਉਂਕਿ ਲੋਕਤੰਤਰ ਵਿਚ ਆਪਣੀ ਗੱਲ ਕਹਿਣ ਦਾ ਸਾਰਿਆਂ ਨੂੰ ਅਧਿਕਾਰ ਹੈ। ਇਸ ਘਟਨਾ ਦੀ ਮੁੱੱਖ ਮੰਤਰੀ ਮਨੋਹਰ ਲਾਲ ਨੇ ਜਾਂਚ ਬਿਠਾਈ ਹੈ, ਜਿਸ ਦੀ ਗਲਤੀ ਹੋਵੇਗੀ, ਉਹ ਸਾਹਮਣੇ ਆ ਜਾਵੇਗੀ।