ਕਾਂਗਰਸ ਨੇ ਰਾਜਸਥਾਨ ਤੋਂ ਸੋਨੀਆ ਨੂੰ ਅਤੇ ਹਿਮਾਚਲ ਤੋਂ ਸਿੰਘਵੀ ਨੂੰ ਬਣਾਇਆ ਉਮੀਦਵਾਰ
Wednesday, Feb 14, 2024 - 12:23 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣੇ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ, ਜਿਨ੍ਹਾਂ 'ਚ ਸਭ ਤੋਂ ਪ੍ਰਮੁੱਖ ਨਾਂ ਪਾਰਟੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਦਾ ਹੈ ਜੋ ਰਾਜਸਥਾਨ ਤੋਂ ਉਮੀਦਵਾਰ ਹਨ। ਪਾਰਟੀ ਦੇ ਸੀਨੀਅਰ ਐਡਵੋਕੇਟ ਅਤੇ ਆਪਣੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੂੰ ਹਿਮਾਚਲ ਪ੍ਰਦੇਸ਼ ਤੋਂ ਉਮੀਦਵਾਰ ਬਣਾਇਆ ਹੈ। ਸਿੰਘਵੀ ਫਿਲਹਾਲ ਪੱਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਦਾ ਕਾਰਜਕਾਲ ਅਪ੍ਰੈਲ 'ਚ ਪੂਰਾ ਹੋ ਰਿਹਾ ਹੈ। ਪਾਰਟੀ ਵਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਅਨੁਸਾਰ, ਬਿਹਾਰ ਤੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਨੂੰ ਰਾਜ ਸਭਾ ਦਾ ਉਮੀਦਵਾਰ ਐਲਾਨ ਕੀਤਾ ਗਿਆ ਹੈ। ਉਹ ਫਿਲਹਾਲ ਬਿਹਾਰ ਤੋਂ ਹੀ ਰਾਜ ਸਭਾ ਮੈਂਬਰ ਹਨ। ਉਨ੍ਹਾਂ ਦਾ ਕਾਰਜਕਾਲ ਅਪ੍ਰੈਲ 'ਚ ਪੂਰਾ ਹੋ ਰਿਹਾ ਹੈ। ਕਾਂਗਰਸ ਦੇ ਮਹਾਰਾਸ਼ਟਰ ਦੇ ਆਪਣੇ ਸੀਨੀਅਰ ਨੇਤਾ ਚੰਦਰਕਾਂਤ ਹੰਡੋਰੇ ਨੂੰ ਪ੍ਰਦੇਸ਼ ਤੋਂ ਰਾਜ ਸਭਾ ਦਾ ਉਮੀਦਵਾਰ ਬਣਾਇਆ ਹੈ।
ਸੋਨੀਆ ਗਾਂਧੀ ਸਾਲ 1999 ਤੋਂ ਲਗਾਤਾਰ ਲੋਕ ਸਭਾ ਮੈਂਬਰ ਹਨ। ਮੌਜੂਦਾ ਸਮੇਂ ਉਹ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਪ੍ਰਤੀਨਿਧੀਤੱਵ ਕਰ ਰਹੀ ਹੈ। ਉਹ ਅਮੇਠੀ ਤੋਂ ਵੀ ਲੋਕ ਸਭਾ ਮੈਂਬਰ ਰਹਿ ਚੁੱਕੀ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਉਹ ਸੰਸਦ ਦੇ ਉੱਚ ਸਦਨ 'ਚ ਜਾਵੇਗੀ। ਕਾਂਗਰਸ ਨੇ ਫਿਲਹਾਲ ਮੱਧ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਤੋਂ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਐਲਾਨ ਨਹੀਂ ਕੀਤੇ ਹਨ। ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਸ਼ੁਰੂਆਤ 8 ਫਰਵਰੀ ਤੋਂ ਹੋ ਚੁੱਕੀ ਹੈ ਅਤੇ ਇਸ ਦੀ ਆਖ਼ਰੀ ਤਾਰੀਖ਼ 15 ਫਰਵਰੀ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 16 ਫਰਵਰੀ ਨੂੰ ਹੋਵੇਗੀ, ਜਦੋਂ ਕਿ ਉਮੀਦਵਾਰ 20 ਫਰਵਰੀ ਤੱਕ ਆਪਣਾ ਨਾਂ ਵਾਪਸ ਲੈ ਸਕਣਗੇ। ਜੇਕਰ ਜ਼ਰੂਰੀ ਹੋਇਆ ਤਾਂ 27 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਸ਼ਾਮ 5 ਵਜੇ ਤੋਂ ਵੋਟਾਂ ਦੀ ਗਿਣਤੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8