ਕਾਂਗਰਸ-ਐੱਨ. ਸੀ. ਪੀ. ਮਹਾਰਾਸ਼ਟਰ ''ਚ ਸਮਝੌਤੇ ਲਈ ਸਿਧਾਂਤਕ ਪੱਖੋਂ ਸਹਿਮਤ
Sunday, Apr 08, 2018 - 12:36 PM (IST)

ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜਕਲ ਰਣਨੀਤਕ ਗੱਠਜੋੜ ਤਿਆਰ ਕਰਨ ਲਈ ਜ਼ੋਰ-ਸ਼ੋਰ ਨਾਲ ਸਰਗਰਮ ਹਨ। ਉਹ ਹਾਲਾਤ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਰੋਧੀ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਮੁਲਾਕਾਤਾਂ ਦਾ ਪ੍ਰਚਾਰ ਨਾ ਹੋਵੇ। ਉਹ ਆਪਣਾ ਸਾਰਾ ਧਿਆਨ ਮਾਈਕ੍ਰੋ ਪਲਾਨਿੰਗ 'ਤੇ ਕੇਂਦ੍ਰਿਤ ਕਰ ਰਹੇ ਹਨ। ਇਹ ਕੰਮ ਸੂਬੇ ਤੋਂ ਸੂਬੇ ਦੇ ਪੱਧਰ 'ਤੇ ਹੋ ਰਿਹਾ ਹੈ। ਜਦੋਂ ਪਿਛਲੇ ਮਹੀਨੇ ਰਾਹੁਲ ਨੇ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਨੂੰ ਸੂਤਰਾਂ ਨੇ ਸਦਭਾਵਨਾ ਭਰੀ ਮੁਲਾਕਾਤ ਦੱਸਿਆ ਸੀ। ਰਾਹੁਲ ਪਵਾਰ ਦੀ ਸਲਾਹ ਲੈਣੀ ਚਾਹੁੰਦੇ ਸਨ। ਉਨ੍ਹਾਂ ਪਵਾਰ ਨੂੰ ਕਿਹਾ ਕਿ ਉਹ ਹਮ-ਖਿਆਲੀ ਪਾਰਟੀਆਂ ਨਾਲ ਗੱਲਬਾਤ ਕਰਨ ਤਾਂ ਜੋ ਆਉਂਦੀਆਂ ਲੋਕ ਸਭਾ ਚੋਣਾਂ ਇਕਮੁੱਠ ਹੋ ਕੇ ਭਾਜਪਾ ਵਿਰੁੱਧ ਲੜੀਆਂ ਜਾ ਸਕਣ।
ਉਨ੍ਹਾਂ ਪਵਾਰ, ਜੋ ਇਕ ਚੋਟੀ ਦੇ ਆਗੂ ਹਨ, ਨੂੰ ਕਿਹਾ ਕਿ ਉਹ ਆਪਣੇ ਤੌਰ 'ਤੇ ਇਸ ਸਬੰਧੀ ਪਹਿਲ ਕਰਨ। ਇਸ ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਮਹਾਰਾਸ਼ਟਰ 'ਚ ਮਿਲ ਕੇ ਲੜਨ ਦਾ ਫੈਸਲਾ ਕੀਤਾ। ਸੀਟਾਂ ਦੀ ਵੰਡ ਸਬੰਧੀ ਕਿਸੇ ਫਾਰਮੂਲੇ 'ਤੇ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ ਕਿਉਂਕਿ ਅਜੇ ਚੋਣਾਂ ਹੋਣ 'ਚ ਲੱਗਭਗ 1 ਸਾਲ ਦਾ ਸਮਾਂ ਬਾਕੀ ਹੈ। ਦੋਹਾਂ ਪਾਰਟੀਆਂ ਦਰਮਿਆਨ 15 ਸਾਲ ਤਕ ਗੱਠਜੋੜ ਰਿਹਾ ਅਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ। ਹੁਣ ਕਿਸੇ ਵੇਲੇ ਵੀ ਦੋਵੇਂ ਪਾਰਟੀਆਂ ਗੱਠਜੋੜ ਕਰਨ ਦਾ ਬਾਕਾਇਦਾ ਐਲਾਨ ਕਰ ਸਕਦੀਆਂ ਹਨ। ਪਿਛਲੀ ਵਾਰ ਕਾਂਗਰਸ ਨੇ ਮਹਾਰਾਸ਼ਟਰ ਵਿਚ ਲੋਕ ਸਭਾ ਦੀਆਂ 26 ਅਤੇ ਐੱਨ. ਸੀ. ਪੀ. ਨੇ 22 ਸੀਟਾਂ 'ਤੇ ਚੋਣ ਲੜੀ ਸੀ। ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਦੋਵੇਂ ਪਾਰਟੀਆਂ ਸੂਬੇ 'ਚ ਹੋਣ ਵਾਲੀਆਂ 2 ਉਪ-ਚੋਣਾਂ ਵੀ ਮਿਲ ਕੇ ਲੜਨਗੀਆਂ ਅਤੇ ਇਕ-ਇਕ ਸੀਟ 'ਤੇ ਇਕ-ਇਕ ਉਮੀਦਵਾਰ ਨੂੰ ਖੜ੍ਹਾ ਕੀਤਾ ਜਾਵੇਗਾ। ਯੂ. ਪੀ. ਦੀਆਂ ਉਪ-ਚੋਣਾਂ 'ਚ ਭਾਜਪਾ ਦੀ ਹੋਈ ਹਾਰ ਤੋਂ ਉਤਸ਼ਾਹਿਤ ਦੋਵੇਂ ਪਾਰਟੀਆਂ ਉਕਤ 2 ਉਪ-ਚੋਣਾਂ ਦੇ ਨਾਲ-ਨਾਲ 2019 ਦੀਆਂ ਲੋਕ ਸਭਾ ਚੋਣਾਂ ਲੜਨਗੀਆਂ। ਰਾਹੁਲ ਇਸ ਮੌਕੇ 'ਤੇ ਸੀਟਾਂ ਦੀ ਵੰਡ ਸਬੰਧੀ ਕੋਈ ਜ਼ੋਰ ਨਹੀਂ ਪਾ ਰਹੇ। ਉਨ੍ਹਾਂ ਦਾ ਨਿਸ਼ਾਨਾ ਸਪੱਸ਼ਟ ਹੈ ਕਿ ਹਰ ਹਾਲਤ ਵਿਚ ਮੋਦੀ ਨੂੰ ਕੇਂਦਰ ਦੀ ਸੱਤਾ ਤੋਂ ਹਟਾਉਣਾ ਹੈ। ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਕਾਂਗਰਸ ਪਾਰਟੀ ਵਲੋਂ ਹੋਵੇਗਾ ਅਤੇ ਕਾਂਗਰਸ ਨੇ ਇਸ ਲਈ ਅਸ਼ੋਕ ਚਵਾਨ ਦੀ ਹੁਣ ਤੋਂ ਹੀ ਚੋਣ ਕਰ ਲਈ ਹੈ।
ਐੱਨ. ਸੀ. ਪੀ. ਨੂੰ ਵੀ ਚਵਾਨ ਦੇ ਮੁੱਖ ਮੰਤਰੀ ਬਣਨ 'ਤੇ ਕੋਈ ਇਤਰਾਜ਼ ਨਹੀਂ। ਐੱਨ. ਸੀ. ਪੀ. ਨੂੰ ਪ੍ਰਿਥਵੀ ਰਾਜ ਚਵਾਨ 'ਤੇ ਇਤਰਾਜ਼ ਹੈ ਕਿਉਂਕਿ ਉਨ੍ਹਾਂ 2014 'ਚ ਐੱਨ. ਸੀ. ਪੀ.-ਕਾਂਗਰਸ ਦੇ ਗੱਠਜੋੜ ਨੂੰ ਤੋੜਨ 'ਚ ਆਪਣੀ ਭੂਮਿਕਾ ਨਿਭਾਈ ਸੀ।