''ਕਾਂਗਰਸ ਵਿਧਾਇਕ ਨੇ ਵਿਦਿਆਰਥਣ ਨੂੰ ਗਲਤ ਤਰੀਕੇ ਨਾਲ ਛੂਹਿਆ'': BRS ਨੇ ਵੀਡੀਓ ਦਿਖਾ ਕੇ ਲਗਾਏ ਦੋਸ਼

Wednesday, Oct 07, 2026 - 09:28 PM (IST)

''ਕਾਂਗਰਸ ਵਿਧਾਇਕ ਨੇ ਵਿਦਿਆਰਥਣ ਨੂੰ ਗਲਤ ਤਰੀਕੇ ਨਾਲ ਛੂਹਿਆ'': BRS ਨੇ ਵੀਡੀਓ ਦਿਖਾ ਕੇ ਲਗਾਏ ਦੋਸ਼

ਹੈਦਰਾਬਾਦ : ਤੇਲੰਗਾਨਾ ਵਿੱਚ ਮੁੱਖ ਵਿਰੋਧੀ ਧਿਰ ਭਾਰਤ ਰਾਸ਼ਟਰ ਸਮਿਤੀ (BRS) ਨੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਵਿਧਾਇਕ ਮਾਲੇਰੈੱਡੀ ਰੰਗਾ ਰੈੱਡੀ ਉੱਤੇ ਇੱਕ ਚਲਦੀ ਬੱਸ ਵਿੱਚ ਵਿਦਿਆਰਥਣ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਗੰਭੀਰ ਦੋਸ਼ ਲਗਾਇਆ ਹੈ। ਬੀ.ਆਰ.ਐੱਸ. ਆਗੂਆਂ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਬ੍ਰਾਹਿਮਪਟਨਮ ਤੋਂ ਕਾਂਗਰਸ ਵਿਧਾਇਕ ਮਾਲੇਰੈੱਡੀ ਰੰਗਾ ਰੈੱਡੀ ਬੱਸ ਵਿੱਚ ਸਫ਼ਰ ਦੌਰਾਨ ਦੋ ਵਿਦਿਆਰਥਣਾਂ ਨਾਲ ਔਰਤਾਂ ਲਈ ਕਾਂਗਰਸ ਸਰਕਾਰ ਦੀ 'ਮਹਾਲਕਸ਼ਮੀ' ਮੁਫ਼ਤ ਬੱਸ ਯਾਤਰਾ ਯੋਜਨਾ ਬਾਰੇ ਗੱਲਬਾਤ ਕਰ ਰਹੇ ਸਨ। ਵੀਡੀਓ ਵਿੱਚ ਵਿਦਿਆਰਥਣਾਂ ਦੱਸ ਰਹੀਆਂ ਸਨ ਕਿ ਉਹ ਪਿਛਲੇ ਇੱਕ ਸਾਲ ਤੋਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਰਹੀਆਂ ਹਨ ਅਤੇ ਇਸ ਨਾਲ ਸਾਲਾਨਾ ਲਗਭਗ 45,000 ਰੁਪਏ ਦੀ ਬੱਚਤ ਹੋ ਰਹੀ ਹੈ। ਇਸੇ ਗੱਲਬਾਤ ਦੌਰਾਨ ਵਿਧਾਇਕ ਨੂੰ ਇੱਕ ਵਿਦਿਆਰਥਣ ਦਾ ਹੱਥ ਫੜਦੇ ਹੋਏ ਦੇਖਿਆ ਗਿਆ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬੀ.ਆਰ.ਐੱਸ. ਨੇਤਾ ਆਰ. ਐੱਸ. ਪ੍ਰਵੀਨ ਕੁਮਾਰ ਨੇ ਸਵਾਲ ਚੁੱਕਦਿਆਂ ਪੁੱਛਿਆ ਕਿ ਵਿਧਾਇਕ ਨੂੰ ਵਿਦਿਆਰਥਣ ਦਾ ਹੱਥ ਫੜਨ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੀ ਲੋੜ ਸੀ। ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਇਸ ਨੂੰ ਔਰਤ ਦੀ ਗਰਿਮਾ ਨੂੰ ਠੇਸ ਪਹੁੰਚਾਉਣ ਵਾਲਾ ਅਪਰਾਧ ਕਰਾਰ ਦਿੱਤਾ ਅਤੇ ਤੇਲੰਗਾਨਾ ਰਾਜ ਔਰਤ ਕਮਿਸ਼ਨ ਵੱਲੋਂ ਵਿਧਾਇਕ ਨੂੰ ਸੰਮਨ ਭੇਜਣ ਦੀ ਮੰਗ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਪੋਸਟ ਕਰਦਿਆਂ ਪੁਲਸ ਤੋਂ ਆਈ.ਪੀ.ਸੀ. ਦੀ ਧਾਰਾ 354 ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਦੂਜੇ ਪਾਸੇ, ਵਿਧਾਇਕ ਮਾਲੇਰੈੱਡੀ ਰੰਗਾ ਰੈੱਡੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਸਫਾਈ ਦਿੰਦਿਆਂ ਕਿਹਾ ਕਿ ਉਹ ਬੱਚੀਆਂ ਨਾਲ ਪਿਤਾ ਵਰਗੇ ਪਿਆਰ ਨਾਲ ਗੱਲਬਾਤ ਕਰ ਰਹੇ ਸਨ, ਜਿਸ ਨੂੰ ਬੀ.ਆਰ.ਐੱਸ. ਵੱਲੋਂ ਸਿਆਸੀ ਲਾਹਾ ਲੈਣ ਲਈ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਣਾਈ ਗਈ ਵੀਡੀਓ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ ਅਤੇ ਉਹ ਔਰਤਾਂ ਦਾ ਪੂਰਾ ਸਤਿਕਾਰ ਕਰਦੇ ਹਨ।


author

Inder Prajapati

Content Editor

Related News