ਧੀ ਦੇ ਵਿਆਹ ਮਗਰੋਂ ਚੋਣਾਂ ਨੂੰ ਲੈ ਕੇ ਅਨੰਤ ਸਿੰਘ ਨੇ ਕਰ ''ਤਾ ਵੱਡਾ ਐਲਾਨ
Saturday, Nov 28, 2026 - 02:47 AM (IST)
ਪਟਨਾ : ਮੋਕਾਮਾ ਦੇ ਵਿਧਾਇਕ ਅਨੰਤ ਸਿੰਘ ਨੇ ਆਪਣੀ ਧੀ ਸ਼ਿਵਾਂਗੀ ਦੇ ਵਿਆਹ ਸਮਾਗਮ ਮਗਰੋਂ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਵੱਡੇ ਐਲਾਨ ਕੀਤੇ ਹਨ। ਅਦਾਲਤ ਵਿੱਚ ਆਤਮਸਮਰਪਣ ਕਰਕੇ ਜੇਲ੍ਹ ਜਾਣ ਤੋਂ ਪਹਿਲਾਂ ਦਿੱਤੇ ਇਸ ਬਿਆਨ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਜਨਤਾ ਦਲ ਯੂਨਾਈਟਿਡ (JDU) ਵਿੱਚ ਮੁੜ ਵਾਪਸੀ ਕਰਨਗੇ ਅਤੇ ਨਾ ਹੀ ਭਵਿੱਖ ਵਿੱਚ ਕਦੇ ਵਿਧਾਨ ਸਭਾ ਚੋਣ ਲੜਨਗੇ।
ਅਨੰਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਵਿਧਾਨ ਸਭਾ ਦੀ ਚੋਣ ਨਹੀਂ ਲੜਨਗੇ। ਉਨ੍ਹਾਂ ਦੱਸਿਆ ਕਿ ਵਿਧਾਇਕ ਬਣਨ 'ਤੇ ਰਹਿਣ ਲਈ ਛੋਟਾ ਘਰ ਜਾਂ ਫਲੈਟ ਮਿਲਦਾ ਹੈ, ਜਿੱਥੇ ਉਹ ਆਪਣੇ ਲੋਕਾਂ ਨੂੰ ਠੀਕ ਤਰ੍ਹਾਂ ਪਾਣੀ ਵੀ ਨਹੀਂ ਪਿਆ ਸਕਦੇ। ਹਾਲਾਂਕਿ, ਉਨ੍ਹਾਂ ਨੇ ਲੋਕ ਸਭਾ ਚੋਣ ਲੜਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਜੇ ਅੱਗੇ ਚੋਣ ਲੜਨ ਦਾ ਮਨ ਬਣਿਆ ਤਾਂ ਉਹ ਸਿੱਧਾ ਲੋਕ ਸਭਾ ਚੋਣ ਲੜਨਗੇ।
ਪਾਰਟੀ ਵੱਲੋਂ 6 ਸਾਲਾਂ ਲਈ ਕੱਢੇ ਜਾਣ ਦੇ ਸਵਾਲ 'ਤੇ ਅਨੰਤ ਸਿੰਘ ਨੇ JDU ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਕੱਢੇ ਜਾਣ ਮਗਰੋਂ ਹੁਣ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਸਿਆਸੀ ਦਬਾਅ ਨਹੀਂ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਵਰਗੀ ਗੱਲ ਹੁਣ ਪਾਰਟੀ ਵਿੱਚ ਨਹੀਂ ਰਹੀ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ JDU ਨੂੰ 10 ਸੀਟਾਂ ਵੀ ਨਹੀਂ ਮਿਲਣਗੀਆਂ, ਜਿਸ ਮਗਰੋਂ ਪਾਰਟੀ ਨੂੰ ਉਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਹੋਵੇਗਾ।
ਦੁਲਾਰਚੰਦ ਯਾਦਵ ਹੱਤਿਆਕਾਂਡ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਰੱਦ ਕੀਤੇ ਜਾਣ ਤੋਂ ਬਾਅਦ ਅਨੰਤ ਸਿੰਘ ਨੂੰ ਧੀ ਦੇ ਵਿਆਹ ਲਈ ਅਦਾਲਤ ਵੱਲੋਂ ਆਰਜ਼ੀ ਰਾਹਤ ਮਿਲੀ ਸੀ। ਉਨ੍ਹਾਂ ਦੱਸਿਆ ਕਿ ਤੈਅ ਸਮੇਂ ਮੁਤਾਬਕ ਉਹ 4 ਦਸੰਬਰ 2026 ਨੂੰ ਅਦਾਲਤ ਵਿੱਚ ਆਤਮਸਮਰਪਣ ਕਰਕੇ ਜੇਲ੍ਹ ਜਾਣਗੇ ਅਤੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਬਿਹਾਰ ਦਾ ਦੌਰਾ ਕਰਕੇ ਨਵੀਂ ਸਿਆਸੀ ਪਾਰੀ ਬਾਰੇ ਫ਼ੈਸਲਾ ਲੈਣਗੇ।
